Punjab News : ਹੁਣ ਸਰਕਾਰੀ ਸਕੂਲਾਂ 'ਚ ਮੈਂਟਰਸ਼ਿਪ ਸਬੰਧੀ ਦੇਣੀ ਪਏਗੀ ਸਾਲਾਨਾ ਰਿਪੋਰਟ ,IAS ਤੇ IPS ਅਧਿਕਾਰੀਆਂ ਨੂੰ ਆਦੇਸ਼ ਜਾਰੀ
Punjab News : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਗੋਦ ਲੈ ਕੇ ਆਪਣੀ ਸਲਾਹ ਤੇ ਮੈਂਟਰਸ਼ਿਪ ਦੇਣ ਦਾ ਵਾਅਦਾ ਕਰਨ ਵਾਲੇ ਆਈਪੀਐਸ ਤੇ ਆਈਏਐਸ ਅਧਿਕਾਰੀ ਹੁਣ ਫਸੇ-ਫਸੇ ਨਜ਼ਰ ਆ ਰਹੇ ਹਨ, ਕਿਉਂਕਿ ਸਵੈ ਇੱਛਾ ਨਾਲ ਇਨ੍ਹਾਂ ਅਧਿਕਾਰੀਆਂ ਨੂੰ ਸਕੂਲ ਗੋਦ ਲੈਣ ਦੀ ਅਪੀਲ ਕਰਨ ਵਾਲੇ ਸਿੱਖਿਆ ਵਿਭਾਗ ਨੇ ਹੁਣ ਇਨ੍ਹਾਂ ਅਧਿਕਾਰੀਆਂ ਨੂੰ ਸਾਲਾਨਾ ਰਿਪੋਰਟ ਵੀ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਅਧਿਕਾਰੀ ਜਿਹੜੇ ਵੀ ਸਕੂਲ ਨੂੰ ਗੋਦ ਲੈਣਗੇ,ਉਸ ਸਕੂਲ ਦੀਆਂ ਪਹਿਲਕਦਮੀਆਂ ਤੇ ਪ੍ਰਾਪਤੀਆਂ ਦੀ ਰਿਪੋਰਟ ਵੀ ਤਿਆਰ ਕਰਨੀ ਪਵੇਗੀ। ਇਸ ਤੋਂ ਬਾਅਦ ਇਸ ਰਿਪੋਰਟ ਨੂੰ ਸਰਕਾਰ ਕੋਲ ਜਮ੍ਹਾਂ ਕਰਵਾਉਣਾ ਪਏਗਾ। ਪੰਜਾਬ ਸਰਕਾਰ ਇਨ੍ਹਾਂ ਰਿਪੋਰਟਾਂ ਦਾ ਮੁਲਾਂਕਣ ਵੀ ਕਰੇਗੀ। ਇਸ ਤੋਂ ਸਾਫ਼ ਹੈ ਕਿ ਹੁਣ ਗੋਦ ਲੈਣ ਵਾਲੇ ਸਰਕਾਰੀ ਸਕੂਲ 'ਚ ਜਾ ਕੇ ਅਧਿਕਾਰੀ ਸਿਰਫ਼ ਮੈਂਟਰਸ਼ਿਪ ਦੇਣ ਤੱਕ ਹੀ ਸੀਮਤ ਨਹੀਂ ਰਹਿਣਗੇ, ਸਗੋਂ ਅਧਿਕਾਰੀਆਂ ਨੂੰ ਉਸ ਸਕੂਲ ਨੂੰ ਅੱਗੇ ਲਿਜਾਣ ਲਈ ਵੀ ਜ਼ੋਰ ਦੇਣਾ ਪਏਗਾ।
ਪੰਜਾਬ ਸਰਕਾਰ ਵੱਲੋਂ ਤਾਜ਼ਾ ਆਦੇਸ਼ ਤੋਂ ਬਾਅਦ ਅਧਿਕਾਰੀਆਂ ਇਸ ਕਰਕੇ ਪ੍ਰੇਸ਼ਾਨ ਹਨ ਕਿ ਉਹ ਬੱਚਿਆ ਨੂੰ ਸਲਾਹ ਦੇ ਕੇ ਅੱਗੇ ਵਧਾਉਣ ਦੀ ਸੋਚ ਰਹੇ ਸਨ ਪਰ ਉਨ੍ਹਾਂ ਨੂੰ ਹੀ ਰਿਪੋਰਟ ਕਾਰਡ ਦੇਣ ਲਈ ਪਾਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ ਵਿੱਚ ਮਸਾਂ ਹੀ 10-12 ਵਾਰ ਉਹ ਸਕੂਲ ਵਿੱਚ ਜਾ ਸਕਣਗੇ ਅਤੇ ਉਹ ਕਿਵੇਂ ਰਿਪੋਰਟ ਤਿਆਰ ਕਰਨਗੇ ਕਿ ਉਨਾਂ ਦੇ ਜਾਣ ਨਾਲ ਕੀ ਨਫ਼ਾ ਜਾਂ ਫਿਰ ਨੁਕਸਾਨ ਹੋਇਆ ਹੈ।
ਇਨ੍ਹਾਂ ਆਦੇਸ਼ਾਂ ਦਾ ਨੋਟੀਫਿਕੇਸ਼ਨ ਤੱਕ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਵੀ ਹੀ ਕੁਝ ਅਧਿਕਾਰੀ ਪਰੇਸ਼ਾਨ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੇ ਕੀ ਮੈਂਟਰਸ਼ਿਪ ਪ੍ਰੋਗਰਾਮ 'ਚ ਭਾਗ ਲੈਣ ਦੀ ਸੋਚ ਕੇ ਹੀ ਗਲਤੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਮਹੀਨੇ ਇੱਕ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤੇ ਬਹੁਤ ਸਾਰੇ ਆਈਏਐੱਸ ਤੇ ਆਈਪੀਐੱਸ ਸਣੇ ਪੀਸੀਐੱਸ ਤੇ ਪੀਪੀਐੱਸ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਇਲਾਕੇ ਵਿੱਚ ਕੋਈ ਨਾ ਕੋਈ ਸਰਕਾਰੀ ਸਕੂਲ ਗੋਦ ਲੈ ਕੇ ਹਫ਼ਤੇ ਜਾਂ ਫਿਰ ਮਹੀਨੇ 'ਚ ਇੱਕ ਦੋ ਵਾਰ ਜਾਂਦੇ ਹੋਏ ਵਿਦਿਆਰਥੀਆਂ ਨੂੰ ਸਲਾਹ ਦੇਣ ਕਿ ਉਹ ਅੱਗੇ ਵਧ ਕੇ ਕੀ ਕਰਨ ਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕਰਨ।
ਸਿੱਖਿਆ ਵਿਭਾਗ ਦੀ ਅਪੀਲ 'ਤੇ ਵੱਡੀ ਗਿਣਤੀ 'ਚ ਉੱਚ ਅਧਿਕਾਰੀਆਂ ਨੇ ਸਰਕਾਰੀ ਸਕੂਲਾਂ ਗਦਲਣਾ ਸ਼ੁਰੂ ਕਰ ਦਿੱਤਾ ਤੇ ਕਾਫ਼ੀ ਅਧਿਕਾਰੀ ਸਕੂਲਾਂ ਨੂੰ ਗੋਦ ਲੈਣ ਦਾ ਵਿਚਾਰ ਵੀ ਕਰ ਰਹੇ ਸਨ ਪਰ ਸਿੱਖਿਆ ਵਿਭਾਗ ਵੱਲੋਂ ਤਾਜ਼ਾ ਜਾਰੀ ਕੀਤੇ ਗਏ ਮੈਂਟਰਸ਼ਿਪ ਪ੍ਰੋਗਰਾਮ ਦੇ ਨੋਟੀਫਿਕੇਸ਼ਨ ਨੂੰ ਦੇਖ ਕੇ ਅਧਿਕਾਰੀ ਹੈਰਾਨ ਹੀ ਰਹਿ ਗਏ ਹਨ। ਕਈ ਅਧਿਕਾਰੀ ਇਸ ਨੋਟੀਫਿਕੇਸ਼ਨ ਤੋਂ ਨਾਖੁਸ਼ ਨਜ਼ਰ ਆਏ।
ਨੋਟੀਫਿਕੇਸ਼ਨ 'ਚ ਇਹ ਲਿੱਖਿਆ ਹੋਇਆ ਹੈ ਕਿ ਜਿਹੜੇ ਵੀ ਅਧਿਕਾਰੀ ਸਕੂਲਾਂ ਨੂੰ ਗੋਦ ਲੈਣਗੇ, ਉਹ ਇੱਕ ਸਮਾਂਬੱਧ ਨਤੀਜ਼ਾ ਰਿਪੋਰਟ ਵੀ ਤਿਆਰ ਕਰਨਗੇ, ਜਿਸ ਵਿੱਚ ਦੱਸਣਗੇ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਤਹਿਤ ਕਿਹੜੀਆਂ ਪਹਿਲਕਦਮੀਆਂ ਤੇ ਪ੍ਰਾਪਤੀਆਂ ਨੂੰ ਹਾਸਲ ਕੀਤਾ ਹੈ। ਇਹ ਰਿਪੋਰਟ ਕਾਰਡ ਹਰ ਸਾਲ ਹੀ ਤਿਆਰ ਕਰਨਾ ਪਏਗਾ ਤੇ ਰਿਪੋਰਟ ਕਾਰਡ ਨੂੰ ਬਕਾਇਦਾ ਸਰਕਾਰ ਕੋਲ ਵੀ ਜਮ੍ਹਾ ਕਰਵਾਉਣਾ ਹੋਏਗਾ।
ਨਤੀਜਾ ਰਿਪੋਰਟ :
ਕਿਉਂਕਿ ਅਧਿਕਾਰੀ ਉਸ ਕੇਡਰ ਤੋਂ ਹੋਵੇਗਾ, ਜਿਸਦਾ ਸ਼ਾਸਨ, ਗਿਆਨ ਅਤੇ ਨੈੱਟਵਰਕ ਵਿੱਚ ਵਿਆਪਕ ਅਨੁਭਵ ਹੋਵੇਗਾ, ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਲਾਹਕਾਰ ਅਧਿਕਾਰੀ ਇੱਕ ਸਮਾਂ-ਬੱਧ ਨਤੀਜਾ ਰਿਪੋਰਟ ਕਾਰਡ ਤਿਆਰ ਕਰੇਗਾ ਜੋ ਇਸ ਪ੍ਰੋਗਰਾਮ ਦੇ ਤਹਿਤ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਦੇ ਨਾਲ-ਨਾਲ ਸਕੂਲ ਦੀ ਸਮੁੱਚੀ ਦਿਸ਼ਾ ਨੂੰ ਉਜਾਗਰ ਕਰੇਗਾ। ਸਲਾਹਕਾਰ ਅਧਿਕਾਰੀ ਇੱਕ ਸਾਲਾਨਾ ਨਤੀਜਾ ਰਿਪੋਰਟ ਕਾਰਡ ਵੀ ਤਿਆਰ ਕਰੇਗਾ ਅਤੇ ਇਸਨੂੰ ਸਰਕਾਰ ਨੂੰ ਜਮ੍ਹਾਂ ਕਰਵਾਏਗਾ।
- PTC NEWS