ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ? ਕਿਵੇਂ ਰਾਤ ਨੂੰ ਕਿਵੇਂ ਵਾਪਰੀ ਸੀ ਘਟਨਾ, ਵੇਖੋ Video
Jaggu Bhagwanpurias mother murder case : ਜੱਗੂ ਭਗਵਾਨਪੁਰੀਆ ਦੀ ਮਾਤਾ 52 ਸਾਲਾਂ ਸਾਧਾਰਨ ਦਿੱਖ ਵਾਲੀ ਹਰਜੀਤ ਕੌਰ ਬਟਾਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਸੀ। ਉਸਦਾ ਪੁੱਤਰ ਜੱਗੂ ਭਗਵਾਨਪੁਰੀਆ ਕੋਈ ਸਾਧਾਰਨ ਵਿਅਕਤੀ ਨਹੀਂ ਹੈ, ਪੰਜਾਬ ਦੇ ਖਤਰਨਾਕ ਗੈਂਗਸਟਰਾਂ ਵਿੱਚੋਂ ਇੱਕ ਹੈ। ਜੱਗੂ ਇਸ ਸਮੇਂ ਅਸਾਮ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਦੱਸ ਦਈਏ ਕਿ ਵੀਰਵਾਰ ਰਾਤ ਨੂੰ ਲਗਭਗ 9 ਵਜੇ ਦੋ ਗੈਂਗਸਟਰਾਂ ਨੇ ਭਗਵਾਨਪੁਰੀਆ ਦੀ ਮਾਂ ਅਤੇ ਉਸਦੇ ਬਾਡੀਗਾਰਡ ਕਰਨਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਆਖਿਰ ਉਸ ਰਾਤ ਕੀ ਹੋਇਆ, ਤੁਸੀ ਇਥੇ ਜਾਣ ਸਕਦੇ ਹੋ।
ਜਾਣਕਾਰੀ ਅਨੁਸਾਰ ਹਰਜੀਤ ਕੌਰ ਉਸ ਰਾਤ ਆਪਣੇ ਬਾਡੀਗਾਰਡ ਕਰਨਵੀਰ ਸਿੰਘ ਨਾਲ ਕਿਤੋਂ ਆ ਰਹੀ ਸੀ। 29 ਸਾਲਾ ਨੌਜਵਾਨ ਕਰਨਵੀਰ, ਭਿਖੀਵਾਲ ਪਿੰਡ ਦਾ ਰਹਿਣ ਵਾਲਾ ਸੀ। ਉਹ ਜੱਗੂ ਦਾ ਖਾਸ ਆਦਮੀ ਸੀ, ਜੋ ਉਸਦੇ ਹਥਿਆਰਾਂ ਤੋਂ ਲੈ ਕੇ ਪੈਸੇ ਤੱਕ ਸਭ ਕੁਝ ਸੰਭਾਲਦਾ ਸੀ। ਜੱਗੂ ਦੀ ਮਾਂ ਤੇ ਕਰਨਵੀਰ ਦੋਵੇਂ ਇੱਕੋ ਕਾਰ ਵਿੱਚ ਸਵਾਰ ਸਨ। ਕਰਨਵੀਰ ਡਰਾਈਵਰ ਸੀਟ 'ਤੇ ਸੀ ਅਤੇ ਹਰਜੀਤ ਕੌਰ ਉਸਦੇ ਨਾਲ ਵਾਲੀ ਸੀਟ 'ਤੇ ਬੈਠੀ ਸੀ। ਕਾਰ ਘਰ ਦੇ ਬਾਹਰ ਰੁਕੀ ਹੀ ਸੀ ਕਿ ਅਚਾਨਕ ਦੋ ਬਾਈਕ ਸਵਾਰ ਨੌਜਵਾਨ ਉੱਥੇ ਪਹੁੰਚ ਗਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਹਰਜੀਤ ਕੌਰ ਦੇ ਵੱਜੀਆਂ 6 ਗੋਲੀਆਂ
ਹਮਲੇ ਵਿੱਚ ਕਰਨਵੀਰ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਹਰਜੀਤ ਕੌਰ ਨੂੰ ਵੀ ਛੇ ਗੋਲੀਆਂ ਲੱਗੀਆਂ ਅਤੇ ਉਹ ਵੀ ਬਚ ਨਹੀਂ ਸਕੀ। ਗੋਲੀਬਾਰੀ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਆਸ-ਪਾਸ ਦੇ ਲੋਕ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਰਨਵੀਰ ਇਸ ਕਤਲ ਦਾ ਅਸਲ ਨਿਸ਼ਾਨਾ ਸੀ। ਪਰ ਹਰਜੀਤ ਕੌਰ ਵੀ ਇਸ ਹਮਲੇ ਦਾ ਸ਼ਿਕਾਰ ਹੋ ਗਈ।
ਜੱਗੂ ਭਗਵਾਨਪੁਰੀਆ ਦੀ ਅਪਰਾਧ ਕੁੰਡਲੀ
ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ ਪੰਜਾਬ ਦੇ ਅੰਡਰਵਰਲਡ ਵਿੱਚ ਇੱਕ ਵੱਡਾ ਨਾਮ ਹੈ। ਉਸ ਵਿਰੁੱਧ ਕਤਲ, ਫਿਰੌਤੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ 128 ਮਾਮਲੇ ਦਰਜ ਹਨ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਉਸਦਾ ਨਾਮ ਆਇਆ ਸੀ। ਉਸਨੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਸਮਰਥਨ ਕੀਤਾ ਸੀ। ਪਰ ਬਾਅਦ ਵਿੱਚ ਲਾਰੈਂਸ ਅਤੇ ਜੱਗੂ ਵਿਚਕਾਰ ਦੁਸ਼ਮਣੀ ਹੋ ਗਈ।
- PTC NEWS