ਜਲੰਧਰ: 'ਆਪ' ਨੇਤਾ ਮੁਕੇਸ਼ ਸੇਠੀ ਕਿਡਨੈਪ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ
ਜਲੰਧਰ: ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਲ ਦੇ ਕਰੀਬੀ ਅਤੇ 'ਆਪ' ਦੇ ਨੇਤਾ ਮੁਕੇਸ਼ ਸੇਠੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਹਾਸਿਲ ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਕੇਸ਼ ਸੇਠੀ ਤੋਂ ਇਲਾਵਾ 10 ਹੋਰ ਲੋਕਾਂ ਉੱਤੇ 307, 365, 323, 148, 149,120ਬੀ ਅਤੇ 25 ਤੇ 27 ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਜਲੰਧਰ ਦੇ ਮਾਡਲ ਟਾਊਨ ਏਰੀਆ ਵਿੱਚ ਬੀਤੇ ਦਿਨੀਂ ਵਾਪਰੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਪੀੜਤ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ।
ਪੀੜਤ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਜਲੰਧਰ ਪੱਛਮੀ ਦੀ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ਦੇ ਅਧਾਰ 'ਤੇ ਇਸ ਮਾਮਲੇ ਦੇ ਵਿੱਚ ਮੁਕੇਸ਼ ਸੇਠੀ ਨੂੰ ਗ੍ਰਿਫਤਾਰ ਕੀਤਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਜਾਇਬ ਸਿੰਘ ਦਾ ਕਹਿਣਾ ਕਿ ਬਾਕੀ ਮੁਲਜ਼ਮਾਂ ਦੀ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ।
- PTC NEWS