Sri Anandpur Sahib : ਜੰਮੂ-ਕਸ਼ਮੀਰ ਹਾਦਸੇ 'ਚ ਪੰਜਾਬ ਦਾ ਜੋਬਨਪ੍ਰੀਤ ਸਿੰਘ ਹੋਇਆ ਸ਼ਹੀਦ, ਫਰਵਰੀ ਮਹੀਨੇ ਹੋਣਾ ਸੀ ਨੌਜਵਾਨ ਦਾ ਵਿਆਹ
Sri Anandpur Sahib : ਜੰਮੂ-ਕਸ਼ਮੀਰ (Jammu-Kashmir Accident) ਦੇ ਜ਼ਿਲ੍ਹਾ ਡੋਡਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਫੌਜ ਦੇ ਨੌਜਵਾਨ ਸੈਨਿਕ ਜੋਬਨਪ੍ਰੀਤ ਸਿੰਘ ਦੀ ਦੁਖਦਾਈ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਭਾਰਤੀ ਫੌਜ ਦਾ ਇੱਕ ਵਾਹਨ ਭਦਰਵਾਹ ਤੋਂ ਖਨਾਈ ਟਾਪ ਵੱਲ ਡਿਊਟੀ ਲਈ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ, ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਰਸਤੇ ਦੌਰਾਨ ਫੌਜ ਦਾ ਵਾਹਨ ਅਚਾਨਕ ਬੇਕਾਬੂ ਹੋ ਕੇ ਕਰੀਬ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ।
ਇਸ ਦਰਦਨਾਕ ਹਾਦਸੇ ਵਿੱਚ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਦੇ ਰਹਿਣ ਵਾਲੇ ਸੈਨਿਕ ਜੋਬਨਪ੍ਰੀਤ ਸਿੰਘ ਸਮੇਤ ਕੁੱਲ 10 ਸੈਨਿਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਸੈਨਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਫੌਜ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।
ਸ਼ਹੀਦ ਸੈਨਿਕ ਜੋਬਨਪ੍ਰੀਤ ਸਿੰਘ, ਜੋ ਕਿ ਪੂਰਵ ਸੈਨਿਕ ਬਲਵੀਰ ਸਿੰਘ ਦੇ ਪੁੱਤਰ ਸਨ, ਦੀ ਉਮਰ ਮਹਿਜ਼ 23 ਸਾਲ ਸੀ। ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਇਸ ਸਮੇਂ 8 ਕੈਵਲਰੀ, ਆਰਮਰਡ ਯੂਨਿਟ (4 ਆਰ ਆਰ) ਵਿੱਚ ਤਾਇਨਾਤ ਸੀ। ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਜੋਂ ਮਿਲਿਆ ਸੀ, ਜਿਸ ਕਾਰਨ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਫੌਜ ਦੀ ਵਰਦੀ ਪਹਿਨ ਕੇ ਮਾਤ੍ਰਭੂਮੀ ਦੀ ਸੇਵਾ ਦਾ ਰਸਤਾ ਚੁਣਿਆ।
ਦੱਸ ਦਈਏ ਕਿ ਜੋਬਨਪ੍ਰੀਤ ਸਿੰਘ ਦੀ ਸ਼ਾਦੀ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਤੈਅ ਹੋਈ ਸੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ, ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਸਾਰੀਆਂ ਖੁਸ਼ੀਆਂ ਨੂੰ ਗ਼ਮ ਵਿੱਚ ਬਦਲ ਦਿੱਤਾ। ਨੌਜਵਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਚਨੌਲੀ, ਨੂਰਪੁਰ ਬੇਦੀ ਅਤੇ ਨੇੜਲੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
- PTC NEWS