Punjab Floods : ਪੰਜਾਬ 'ਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ ਪਿੱਛੇ ਪੰਜਾਬ ਸਰਕਾਰ ਦੀ ਨਾਕਾਮੀ : ਜਥੇਦਾਰ ਕੁਲਦੀਪ ਸਿੰਘ ਗੜਗੱਜ
Jathedar Kuldeep Singh Gargajj on Punjab Floods : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜਾਂ ਤੋਂ ਪਹਿਲਾਂ ਅਗਾਊਂ ਤੌਰ 'ਤੇ ਕੋਈ ਵੀ ਢੰਗ ਦੇ ਪ੍ਰਬੰਧ ਕਰਨ 'ਚ ਅਸਫਲ ਰਹੀ, ਜਿਸ ਕਾਰਨ ਹੁਣ ਹਾਲਾਤ ਬੇਹੱਦ ਗੰਭੀਰ ਬਣ ਗਏ ਹਨ।
ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਫਤ ਐਲਾਨਿਆ ਜਾਵੇ : ਜਥੇਦਾਰ ਗੜਗੱਜ
ਪੰਜਾਬ 'ਚ ਹੜ੍ਹਾਂ ਕਾਰਨ ਕਈ ਪਿੰਡਾਂ ਦੇ ਲੋਕ ਪੀੜਤ ਹੋਏ ਹਨ ਅਤੇ ਭਾਰੀ ਤਬਾਹੀ ਨੂੰ ਵੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗੜਗੱਜ ਵੱਲੋਂ ਹੜ ਪ੍ਰਭਾਵਿਤਾਂ ਲਈ ਕੇਂਦਰ ਕੋਲੋਂ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਹੜ੍ਹਾਂ ਨੂੰ ਕੌਮੀ ਆਫਤ ਐਲਾਨਣ ਦੀ ਵਕਾਲਤ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ 2019 ਤੇ 2023 'ਚ ਆਏ ਹੜਾਂ ਤੋਂ ਵੀ ਕੋਈ ਸਬਕ ਨਹੀਂ ਲਿਆ ਗਿਆ, ਜਿਸ ਕਰਕੇ ਇਸ ਵਾਰ 1988 ਤੋਂ ਵੀ ਵਧੇਰੇ ਨੁਕਸਾਨ ਹੋਇਆ ਹੈ। ਲੋਕ ਆਪਣੇ ਪੱਧਰ 'ਤੇ ਸਾਰੇ ਯਤਨ ਕਰ ਰਹੇ ਹਨ, ਪਰ ਸਰਕਾਰ ਤਕਨੀਕੀ ਮਦਦ, ਰਾਹਤ ਸਮੱਗਰੀ ਜਾਂ ਬੇੜੀਆਂ ਤੱਕ ਨਹੀਂ ਪਹੁੰਚਾ ਸਕੀ।
ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਏ ਹੜਾਂ ਨੂੰ ਕੌਮੀ ਆਫਤ ਐਲਾਨੇ ਅਤੇ ਤੁਰੰਤ ਵੱਡਾ ਰਾਹਤ ਪੈਕੇਜ ਜਾਰੀ ਕਰੇ। ਉਨ੍ਹਾਂ ਆਖਿਆ ਕਿ ਇਹ ਮੰਗ ਨਹੀਂ ਸਗੋਂ ਪੰਜਾਬ ਵਾਸੀਆਂ ਦਾ ਹੱਕ ਹੈ, ਕਿਉਂਕਿ ਹੜ੍ਹਾਂ ਨਾਲ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਾਲਾਤ ਸੁਧਰਨ ਤੋਂ ਬਾਅਦ ਹੀ ਜਾਨੀ ਤੇ ਮਾਲੀ ਨੁਕਸਾਨ ਦੀ ਅਸਲੀ ਤਸਵੀਰ ਸਾਹਮਣੇ ਆ ਸਕੇਗੀ।
- PTC NEWS