Jawahar Navodaya Vidyalaya : ਹਮੀਰਪੁਰ 'ਚ ਫਸੇ ਸੋਨ ਤਮਗਾ ਜੇਤੂ 4 ਵਿਦਿਆਰਥੀ, ਚਿੰਤਾ 'ਚ ਮਾਪੇ, ਸਕੂਲ ਪ੍ਰਬੰਧਕਾਂ 'ਤੇ ਲਾਏ ਇਲਜ਼ਾਮ
Jawahar Navodaya Vidyalaya : ਜਵਾਹਰ ਨਵੋਦਿਆ ਵਿਦਿਆਲਿਆ, ਜੋ ਦੋ ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ੍ਹ ਦੇ ਪਾਣੀ ਵਿੱਚ ਫਸਣ ਕਾਰਨ ਚਰਚਾ ਵਿੱਚ ਆਇਆ ਸੀ। ਵਿਦਿਆਲਿਆ ਦੇ ਪ੍ਰਿੰਸੀਪਲ ਨੂੰ ਜਿਥੇ ਹੜ੍ਹ ਵਾਲੀ ਘਟਨਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਉਥੇ ਹੀ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ, ਜਿਹੜੇ 25 ਅਗਸਤ ਤੋਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਫਸੇ ਹਨ।
ਸੋਨ ਤਮਗਾ ਜੇਤੂ ਵਾਲੀਬਾਲ ਟੀਮ ਦਾ ਹਿੱਸਾ ਹਨ ਚਾਰੇ ਵਿਦਿਆਰਥੀ
ਮਾਪਿਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਹਨ, ਦੋ ਸੱਤਵੀਂ, ਇੱਕ ਅੱਠਵੀਂ ਤੇ ਇੱਕ ਬਾਰਵੀਂ 'ਚ ਪੜ੍ਹਦੇ ਹਨ, ਜਿਨਾਂ ਵਿੱਚੋਂ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ। ਇਹ ਗੁਜਰਾਤ ਦੇ ਰਾਜਕੋਟ ਵਿਖੇ ਹੋਈਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਤਿੰਨ ਅਗਸਤ ਨੂੰ ਘਰੋਂ ਨਿਕਲੇ ਸਨ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਹਮੀਰਪੁਰ ਦੇ ਵਿਦਿਆਰਥੀਆਂ ਨਾਲ ਰਾਜਕੋਟ ਗਏ ਸਨ। ਰਾਜਕੋਟ ਤੋਂ ਵਾਲੀਬਾਲ ਦੀ ਟੀਮ ਸੋਨ ਤਮਗਾ ਜਿੱਤ ਕੇ ਲਿਆਈ ਅਤੇ ਇਹ ਚਾਰੇ ਉਸ ਟੀਮ ਦੇ ਖਿਡਾਰੀ ਹਨ। 25 ਅਗਸਤ ਨੂੰ ਇਹਨਾਂ ਨੂੰ ਵਾਪਸ ਹਮੀਰਪੁਰ ਭੇਜ ਦਿੱਤਾ ਗਿਆ ਪਰ ਉਧਰ ਦੇ ਹਾਲਾਤ ਖਰਾਬ ਹੋਣ ਕਾਰਨ ਇਹ ਹਮੀਰਪੁਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵੀ ਫਸੇ ਹਨ। ਵਾਪਸ ਲਿਆਉਣ ਦੀ ਜਿੰਮੇਵਾਰੀ ਜਵਾਹਰ ਨਵੋਦਿਆ ਵਿਦਿਆਲਿਆ ਦੀ ਹੈ ਪਰ ਮਾਪਿਆਂ ਨੇ ਕੈਮਰੇ ਦੇ ਸਾਹਮਣੇ ਇਲਜ਼ਾਮ ਲਗਾਏ ਹਨ ਕਿ ਪ੍ਰਿੰਸੀਪਲ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ।
ਮਾਪਿਆਂ ਨੇ ਪ੍ਰਿੰਸੀਪਲ 'ਤੇ ਲਾਏ ਇਲਜ਼ਾਮ
ਮਾਪੇ ਇਸ ਦਾ ਕਾਰਨ ਇਹ ਦੱਸਦੇ ਹਨ ਕਿ ਬੱਚਿਆਂ ਨੂੰ ਵਾਪਸ ਲਿਆਉਣ ਦੀ ਜਿੰਮੇਵਾਰੀ ਸਕੂਲ ਦੀ ਪੀਟੀਆਈ ਟੀਚਰ ਦੀ ਹੈ, ਜੋ ਕਿ ਪ੍ਰਿੰਸੀਪਲ ਦੀ ਪਤਨੀ ਹੈ। ਇਸ ਲਈ ਪ੍ਰਿੰਸੀਪਲ ਆਪਣੀ ਪਤਨੀ ਨੂੰ ਪਹਾੜੀ ਸਫਰ ਵਿੱਚ ਨਹੀਂ ਭੇਜਣਾ ਚਾਹੁੰਦਾ ਅਤੇ ਹੋਰ ਕੋਈ ਸਕੂਲ ਦਾ ਅਧਿਆਪਕ ਵੀ ਜਾਣ ਨੂੰ ਤਿਆਰ ਨਹੀਂ ਹੈ। ਮਾਪਿਆਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਅਤੇ ਕੋਈ ਅਧਿਆਪਕ ਉਹਨਾਂ ਨੂੰ ਮਿਲਣ ਲਈ ਤਿਆਰ ਨਹੀਂ ਹੈ, ਉਹ ਦੋ ਦਿਨ ਤੋਂ ਅਧਿਆਪਕਾ ਦੇ ਪਿੱਛੇ-ਪਿੱਛੇ ਘੁੰਮ ਰਹੇ ਹਨ।
''ਬੱਚਿਆਂ ਨੂੰ ਆਪ ਲੈ ਆਓ''
ਮਾਪਿਆਂ ਨੇ ਕਿਹਾ ਕਿ ਪ੍ਰਿੰਸੀਪਲ ਨਾਲ ਫੋਨ 'ਤੇ ਗੱਲ ਹੋਈ ਹੈ ਪਰ ਉਹ ਕਹਿੰਦਾ ਹੈ ਬੱਚਿਆਂ ਨੂੰ ਆਪ ਲੈ ਆਓ। ਮੁਸੀਬਤ ਇਹ ਵੀ ਹੈ ਕਿ ਜਦੋਂ ਤੱਕ ਸਕੂਲ ਲਿਖਤ ਤੌਰ 'ਤੇ ਮਾਪਿਆਂ ਨੂੰ ਬੱਚਿਆਂ ਨੂੰ ਆਪ ਲਿਆਉਣ ਦੀ ਇਜਾਜ਼ਤ ਨਹੀਂ ਦਿੰਦਾ, ਸ਼ਾਇਦ ਹਮੀਰਪੁਰ ਦੇ ਨਵੋਦਿਆ ਸਕੂਲ ਦੇ ਪ੍ਰਬੰਧਕ ਮਾਪਿਆਂ ਦੇ ਸਪੁਰਦ ਬੱਚਿਆਂ ਨੂੰ ਨਾ ਕਰੇ। ਅਜਿਹੇ ਵਿੱਚ ਮਾਪਿਆਂ ਵੱਲੋਂ ਸਕੂਲ ਪ੍ਰਬੰਧਕ ਨੂੰ ਇੱਕ ਅਧਿਆਪਕ ਨਾਲ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਵਾਪਸ ਲਿਆ ਸਕਣ।
- PTC NEWS