Jaggu Hakamwala : 'ਅੱਜ ਤੋਂ ਪੰਜਾਬ 'ਚ ਨਹੀਂ ਖੇਡਾਂਗਾ ਕਬੱਡੀ...', ਮਸ਼ਹੂਰ ਕਬੱਡੀ ਖਿਡਾਰੀ ਨੇ ਰੋ-ਰੋ ਕੇ ਕੀਤਾ ਐਲਾਨ
Jaggu Hakamwala : ''ਮੈਂ ਅੱਜ ਤੋਂ ਬਾਅਦ ਪੰਜਾਬ 'ਚ ਕਬੱਡੀ ਨਹੀਂ ਖੇਡਾਂਗਾ''। ਇਹ ਸ਼ਬਦ ਪੰਜਾਬ ਦੇ ਮਸ਼ਹੂਰ ਖਿਡਾਰੀ ਜਗਦੀਪ ਸਿੰਘ ਜੱਗੂ ਹਾਕਮਵਾਲਾ ਨੇ ਰੋਂਦੇ ਹੋਏ ਕਹੇ। ਖਿਡਾਰੀ ਨੇ ਦੇਰ ਰਾਤ ਸੋਸ਼ਲ ਮੀਡੀਆ 'ਤੇ ਰੋਂਦੇ ਹੋਏ ਐਲਾਨ ਕੀਤਾ ਕਿ ਉਹ ਹੁਣ ਪੰਜਾਬ 'ਚ ਕਬੱਡੀ ਟੂਰਨਾਮੈਂਟ ਨਹੀਂ ਖੇਡੇਗਾ।
ਕਬੱਡੀ ਖਿਡਾਰੀ ਜੱਗੂ 5 ਮਿੰਟਾਂ ਵਿੱਚ ਦੋ ਵਾਰੀ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਹੋਇਆ ਅਤੇ ਹੱਡਬੀਤੀ ਸੁਣਾਉਂਦੇ ਹੋਏ ਇਹ ਬਹੁਤ ਹੀ ਮੁਸ਼ਕਿਲ ਭਰਿਆ ਫੈਸਲਾ ਲਿਆ।
ਜੱਗੂ ਨੇ ਕਿਉਂ ਕੀਤਾ ਪੰਜਾਬ 'ਚ ਨਾ ਖੇਡਣ ਦਾ ਫੈਸਲਾ ?
ਸੋਸ਼ਲ ਮੀਡੀਆ 'ਤੇ ਵੀਡੀਓ ਵਿੱਚ ਉਸ ਨੇ ਕਿਹਾ ਕਿ ਫਰੀਦਕੋਟ 'ਚ ਜੋ ਹੋਇਆ, ਉਹ ਉਸ ਤੋਂ ਬਹੁਤ ਪ੍ਰੇਸ਼ਾਨ ਹੈ। ਹੰਗਾਮੇ ਅਤੇ ਰੈਫਰੀ ਦੇ ਬਾਈਕਾਟ ਤੋਂ ਉਹ ਬਹੁਤ ਨਿਰਾਸ਼ ਹੈ। ਉਸਨੇ ਕਿਹਾ ਕਿ ਉਹ ਹੁਣ ਪੰਜਾਬ 'ਚ ਕਦੇ ਕਬੱਡੀ ਨਹੀਂ ਖੇਡੇਗਾ। ਉਸ ਨੇ ਕਿਹਾ, "ਜੇਕਰ ਮੇਰੇ ਕਾਰਨ ਰੈਫਰੀ, ਰੈਫਰਿੰਗ ਨਹੀਂ ਕਰ ਪਾ ਰਿਹਾ ਹੈ ਤਾਂ ਮੈਂ ਅਜਿਹੀ ਜਗ੍ਹਾ 'ਤੇ ਨਹੀਂ ਖੇਡ ਸਕਦਾ।"
ਅੱਜ (ਸ਼ਨੀਵਾਰ, 26 ਸਤੰਬਰ) ਬਾਘੇਆਣਾ (ਫਰੀਦਕੋਟ) ਦੇ ਟੂਰਨਾਮੈਂਟ ਵਿੱਚ ਜੋ ਹੋਇਆ, ਗਲਤੀ ਹੋਈ, ਹੰਗਾਮਾ ਹੋਇਆ, ਮੈਚ ਖਰਾਬ ਹੋਇਆ, ਬਹੁਤ ਗਲਤ ਹੋਇਆ, ਰੈਫਰੀ ਭਗਵਾਨ ਹੁੰਦਾ ਹੈ, ਉਹ ਉਸ ਦਾ ਫੈਸਲਾ ਸੀ। ਮੈਂ ਅੱਜ ਤੋਂ ਬਾਅਦ ਪੰਜਾਬ ਵਿੱਚ ਕਬੱਡੀ ਨਹੀਂ ਖੇਡਾਂਗਾ। ਮੈਨੂੰ ਮਾਫ ਕਰਨਾ।
ਜੱਗੂ ਨੇ ਕਿਹਾ, "ਕੱਲ੍ਹ, ਜੇ ਮੈਂ ਕਿਸੇ ਹੋਰ ਟੂਰਨਾਮੈਂਟ ਵਿੱਚ ਜਾਂਦਾ ਹਾਂ, ਕਿਸੇ ਟੀਮ ਤੋਂ ਪੈਸੇ ਲੈਂਦਾ ਹਾਂ, ਅਤੇ ਰੈਫਰੀ ਕਹਿੰਦੇ ਹਨ ਕਿ ਜੱਗੂ ਖੇਡ ਰਿਹਾ ਹੈ, ਤਾਂ ਅਸੀਂ ਰੈਫਰਿੰਗ ਨਹੀਂ ਕਰਾਂਗੇ। ਰੈਫਰੀ ਕਹਿੰਦਾ ਹੈ ਕਿ ਜੇ ਜੱਗੂ ਖੇਡਦਾ ਹੈ ਤਾਂ ਅਸੀਂ ਰੈਫਰਿੰਗ ਨਹੀਂ ਕਰਾਂਗੇ। ਉਸ ਸਥਿਤੀ ਵਿੱਚ, ਮੈਂ ਪੰਜਾਬ ਵਿੱਚ ਕਬੱਡੀ ਨਹੀਂ ਖੇਡਾਂਗਾ। ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਮੈਂ ਅੱਜ ਇਹ ਫੈਸਲਾ ਲਿਆ ਹੈ। ਮੈਂ ਕਿਸੇ ਦਾ ਟੂਰਨਾਮੈਂਟ ਬਰਬਾਦ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕਿਸੇ ਦੀ ਟੀਮ ਬਰਬਾਦ ਕਰਨਾ ਚਾਹੁੰਦਾ ਹਾਂ।"
ਫਰੀਦਕੋਟ 'ਚ ਕਬੱਡੀ ਟੂਰਨਾਮੈਂਟ ਹੋਇਆ ਵਿਵਾਦ
ਦੱਸ ਦਈਏ ਕਿ ਫਰੀਦਕੋਟ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਦੌਰਾਨ ਇੱਕ ਵੱਡਾ ਵਿਵਾਦ ਹੋ ਗਿਆ ਸੀ। ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਕੁਮੈਂਟੇਟਰ ਨੇ ਲੋਕਾਂ ਨਾਲ ਭਰੇ ਅਖਾੜੇ ਵਿੱਚ ਐਲਾਨ ਕੀਤਾ ਕਿ ਰੈਫਰੀ ਇੱਕ ਖਿਡਾਰੀ ਕਾਰਨ ਆਪਣੀ ਡਿਊਟੀ ਨਹੀਂ ਨਿਭਾ ਸਕਿਆ, ਜਿਸ ਨੂੰ ਜੱਗੂ ਨੇ ਬੇਇੱਜ਼ਤੀ ਵਜੋਂ ਲਿਆ।
ਕੌਣ ਹੈ ਜੱਗੂ ਹਾਕਮਵਾਲਾ ? (Jaggu Hakamwala)
ਜਗਦੀਪ ਸਿੰਘ, ਜਿਨ੍ਹਾਂ ਨੂੰ ਖੇਡ ਜਗਤ ਵਿੱਚ "ਜੱਗੂ ਹਕਮਵਾਲਾ" ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜ਼ਿਲ੍ਹਾ ਮਾਨਸਾ, ਪੰਜਾਬ ਦੇ ਰਹਿਣ ਵਾਲੇ ਸਰਕਲ ਸਟਾਈਲ ਕਬੱਡੀ ਦੇ ਇੱਕ ਉੱਘੇ ਖਿਡਾਰੀ ਹਨ। ਉਹ ਆਪਣੀ ਮਜ਼ਬੂਤ ਪਕੜ ਅਤੇ ਫੁਰਤੀ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਮੈਦਾਨ ਵਿੱਚ ਉਹਨਾਂ ਨੂੰ "ਖ਼ਤਰਨਾਕ ਜਾਫ਼ੀ" ਕਿਹਾ ਜਾਂਦਾ ਹੈ।
ਪੰਜਾਬ ਦੇ ਸਥਾਨਕ ਕਬੱਡੀ ਕੱਪਾਂ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ ਅਤੇ ਉਹਨਾਂ ਦੀ ਹਰ ਰੇਡ ਅਤੇ ਸਟਾਪ 'ਤੇ ਦਰਸ਼ਕਾਂ ਦਾ ਉਤਸ਼ਾਹ ਸਿਖਰਾਂ 'ਤੇ ਪਹੁੰਚ ਜਾਂਦਾ ਹੈ। ਆਪਣੇ ਖੇਡ ਜੀਵਨ ਦੌਰਾਨ ਉਸ ਨੇ ਪੰਜਾਬ ਦੇ ਕਈ ਵੱਡੇ ਕਬੱਡੀ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਅਤੇ ਕਈ ਵਾਰ "ਬੈਸਟ ਸਟਾਪਰ" ਦਾ ਖਿਤਾਬ ਵੀ ਜਿੱਤਿਆ ਹੈ। ਜੱਗੂ ਹਕਮਵਾਲਾ ਮਾਨਸਾ ਦੇ ਉਹਨਾਂ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਸਰਕਲ ਸਟਾਈਲ ਕਬੱਡੀ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ।
- PTC NEWS