Kabbadi Player Death : ਬਾਘਾਪੁਰਾਣਾ 'ਚ ਭਿਆਨਕ ਹਾਦਸਾ, ਉਘੇ ਕਬੱਡੀ ਖਿਡਾਰੀ ਦੀ ਮੌਤ, ਲੋਕਾਂ ਨੇ ਲਾਇਆ ਧਰਨਾ
Kabbadi Player Death : ਬਾਘਾ ਪੁਰਾਣਾ ਰੋਡ 'ਤੇ ਪਿੰਡ ਖੋਟੇ ਵਿਖੇ ਉਸਾਰੀ ਅਧੀਨ NH 254 'ਤੇ ਅਧੂਰੀ ਪਈ ਪੁਲੀ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਉੱਘੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਖੋਟੇ ਵਿਖੇ ਧਰਨਾ ਲਗਾ ਕੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੰਪਨੀ 'ਤੇ ਉਸ ਦੇ ਠੇਕੇਦਾਰ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੋਂਤਾ, ਜੋ ਕਿ ਰਾਤ ਸਮੇਂ ਬਾਘਾ ਪੁਰਾਣਾ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਕਿ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਸੜਕ ਦੀ ਅਧੂਰੀ ਪੁਲੀ, ਜਿਸ 'ਤੇ ਕੋਈ ਰਿਫਲੈਕਟਰ ਜਾਂ ਸਿਗਨਲ ਆਦਿ ਨਹੀਂ ਸੀ ਲਗਾਇਆ ਹੋਇਆ ਅਤੇ ਕਬੱਡੀ ਖਿਡਾਰੀ ਸੁਰਜੀਤ ਸਿੰਘ ਦੀ ਗੱਡੀ ਉਕਤ ਪੁਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਸਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਸੁਰਜੀਤ ਸਿੰਘ ਦਾ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਇਸ ਘਟਨਾ ਤੋਂ ਬਾਅਦ ਪਿੰਡ ਖੋਟੇ ਅਤੇ ਪਿੰਡ ਰੌਤਾ ਦੇ ਲੋਕਾਂ ਵੱਲੋਂ ਘਟਨਾ ਵਾਲੀ ਸਥਾਨ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਧਰਨਾਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਉਸਾਰੀ ਅਧੀਨ NH 254 'ਤੇ ਪਿੰਡ ਖੋਟੇ ਵਿਖੇ, ਜੋ ਪੁਲੀ ਬਣਾਈ ਜਾ ਰਹੀ ਹੈ। ਇਸ ਪੁਲੀ ਦਾ ਇੱਕ ਪਾਸਾ ਪੂਰਾ ਅਤੇ ਦੂਸਰਾ ਪਾਸਾ ਅਧੂਰਾ ਹੈ, ਪਰ ਇਸ ਅਧੂਰੀ ਪੁਲੀ 'ਤੇ ਰਾਤ ਸਮੇਂ ਠੇਕੇਦਾਰ ਵੱਲੋਂ ਕੋਈ ਰਿਫਲੈਕਟਰ ਜਾਂ ਸਿਗਨਲ ਨਹੀਂ ਲਗਾਇਆ ਗਿਆ, ਜਿਸ ਕਾਰਨ ਹਨੇਰੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ। ਲੋਕਾਂ ਦੱਸਿਆ ਕਿ ਪਹਿਲਾਂ ਵੀ ਇਸ ਅਧੂਰੀ ਪੁਲੀ 'ਤੇ ਹਾਦਸੇ ਵਾਪਰ ਚੁੱਕੇ ਹਨ ਪਰ ਸੜਕ ਬਣਾ ਰਹੀ ਕੰਪਨੀ ਅਤੇ ਉਸ ਦੇ ਠੇਕੇਦਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਸੜਕ ਤੋਂ ਪਿੰਡ ਖੋਟੇ ਦੇ ਸਕੂਲ ਦੇ ਬੱਚੇ ਵੀ ਲੰਘਦੇ ਹਨ, ਜੋ ਕਿ ਕਿਸੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸੜਕ ਬਣਾ ਰਹੀ ਕੰਪਨੀ ਉਸ ਦੇ ਠੇਕੇਦਾਰ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
- PTC NEWS