Tanda Urmar News : ਪਿੰਡ ਕਮਾਲਪੁਰ 'ਚ ਨੌਜਵਾਨ ਨੇ ਗੋਲੀ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ, ਦੋ ਬੱਚਿਆਂ ਦਾ ਪਿਤਾ ਸੀ ਲਾਭ ਸਿੰਘ
Hoshiarpur News : ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕਮਾਲਪੁਰ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ ਆਪਣੇ ਹੀ ਘਰ ਵਿੱਚ ਕਿਸੇ ਕਾਰਨ ਨੂੰ ਲੈ ਕੇ ਆਪਣੇ-ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿੰਡ ਕਮਾਲਪੁਰ ਦਾ ਰਹਿਣ ਵਾਲਾ ਸੀ, ਜਿਸ ਦੀ ਗੋਲੀ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਲਾਭ ਸਿੰਘ ਦੇ ਰੂਪ ਵਿੱਚ ਹੋਈ ਹੈ, ਜਿਸ ਦੀ ਉਮਰ 30 ਸਾਲ ਦੇ ਲਗਭਗ ਸੀ। ਨੌਜਵਾਨ ਪਿੰਡ ਮਿਆਣੀ ਵਿਖੇ ਜਿੰਮ ਚਲਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਲਾਭ ਸਿੰਘ ਦੋ ਬੱਚਿਆਂ ਦਾ ਪਿਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਹਿਲਾਂ ਨਸ਼ੇ ਦਾ ਸੇਵਨ ਕਰਦਾ ਸੀ, ਜਿਸ ਕਾਰਨ ਕਈ ਵਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਰਿਹਾ ਸੀ। ਲਾਭ ਸਿੰਘ ਦੀ ਪਤਨੀ ਤੇ ਮਾਤਾ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਨਸ਼ੇ ਦਾ ਸੇਵਨ ਕਰਦਾ ਆ ਰਿਹਾ ਸੀ ਅਤੇ ਬੀਤੇ ਕਈ ਦਿਨਾਂ ਤੋਂ ਡਿਪਰੈਸ਼ਨ ਵਿਚ ਰਹਿ ਰਿਹਾ ਸੀ, ਜਿਸ ਕਾਰਨ ਉਸ ਨੇ ਰਿਵਾਲਵਰ ਨਾਲ ਅਪਣੇ-ਆਪ ਨੂੰ ਗੋਲੀ ਮਾਰ ਕੇ ਅਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਥਾਣਾ ਮੁਖੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਗੰਭੀਰਤਾ ਨਾਲ ਉਸ ਰਿਵਾਲਵਰ ਦੀ ਜਾਂਚ ਕਰ ਰਹੀ, ਜਿਸ ਨਾਲ ਲਾਭ ਸਿੰਘ ਨੇ ਗੋਲੀ ਮਾਰੀ ਹੈ ਕਿਉਂਕਿ ਮ੍ਰਿਤਕ ਕੋਲ ਲਾਇਸੰਸੀ ਰਿਵਾਲਵਰ ਨਹੀਂ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
- PTC NEWS