Khanna News : ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ, ਰੁਪਿੰਦਰ ਗਾਂਧੀ ਦਾ ਕਰੀਬੀ ਸਾਥੀ ਹੈਰੋਇਨ ਸਮੇਤ ਕਾਬੂ
Khanna News : ਸੂਬੇ ਵਿੱਚ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਖ਼ਿਲਾਫ਼ ਚਲ ਰਹੀ ਸਖ਼ਤ ਮੁਹਿੰਮ “ਗੈਂਗਸਟਰਾਂ ਤੇ ਵਾਰ” ਤਹਿਤ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਰੁਪਿੰਦਰ ਗਾਂਧੀ (Rupinder Gandhi) ਦੇ ਕਰੀਬੀ ਸਾਥੀ ਅਤੇ ਨਾਮੀ ਅਪਰਾਧੀ ਜਗਪਾਲ ਸਿੰਘ ਉਰਫ ਜੋਗੀ ਨੂੰ ਹੈਰੋਇਨ ਸਪਲਾਈ ਚੇਨ ਤੋੜ ਕੇ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਡਰੱਗ ਮਨੀ, ਨਜਾਇਜ਼ ਹਥਿਆਰ, ਜਾਅਲੀ ਅਸਲਾ ਲਾਇਸੰਸ ਅਤੇ ਵੱਡੀ ਮਾਤਰਾ ਵਿੱਚ ਗੋਲੀ-ਬਾਰੂਦ ਬਰਾਮਦ ਕੀਤਾ ਗਿਆ ਹੈ। ਜੋਗੀ ਨੇ ਆਪਣੇ ਪੁੱਤ ਨੂੰ ਵੀ ਇਸ ਧੰਦੇ 'ਚ ਸ਼ਾਮਲ ਕੀਤਾ ਹੋਇਆ ਸੀ।
ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਦਰ ਖੰਨਾ ਦੀ ਟੀਮ ਨੇ ਇਹ ਕਾਰਵਾਈ ਪਿੰਡ ਦਹੇੜੂ ਵਿੱਚ ਅਮਲ ਵਿੱਚ ਲਿਆਈ। ਪੁਲਿਸ ਵੱਲੋਂ ਜਗਪਾਲ ਸਿੰਘ ਉਰਫ ਜੋਗੀ ਨੂੰ ਪਹਿਲਾਂ ਤੋਂ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਕੇਸ ਵਿੱਚ ਪਹਿਲਾਂ ਹੀ 2 ਦੋਸ਼ੀ ਰਣਦੀਪ ਸਿੰਘ ਅਤੇ ਅਸ਼ਵੀਰ ਨੂੰ ਛੇ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਸੀ। ਤਫਤੀਸ਼ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਾਰਾ ਗਿਰੋਹ ਪਿੰਡਾਂ ਅੰਦਰ ਹੈਰੋਇਨ ਦੀ ਸਪਲਾਈ ਕਰਦਾ ਹੋਇਆ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਰਿਹਾ ਸੀ।
ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਗਪਾਲ ਸਿੰਘ ਜੋਗੀ ਖ਼ਿਲਾਫ਼ 20 ਤੋਂ ਵੱਧ ਗੰਭੀਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਰਾਦਾ ਕਤਲ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਸ਼ਾਮਲ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੋਗੀ ਆਪਣੇ ਪੁੱਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ।
ਛਾਪੇਮਾਰੀ ਦੌਰਾਨ ਪੁਲਿਸ ਨੇ ਜੋਗੀ ਦੇ ਕਬਜ਼ੇ ਵਿੱਚੋਂ 47500 ਰੁਪਏ ਡਰੱਗ ਮਨੀ, ਤਰਨਤਾਰਨ ਤੋਂ ਤਿਆਰ ਕੀਤਾ ਜਾਅਲੀ ਅਸਲਾ ਲਾਇਸੰਸ, ਨਜਾਇਜ਼ ਪੰਪ ਐਕਸ਼ਨ ਬਾਰਾਂ ਬੋਰ ਰਾਇਫਲ, ਅੱਠ ਜਿੰਦਾ ਰੌਂਦ ਅਤੇ ਚਾਰ ਖਾਲੀ ਰੌਂਦ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਹਰਬੰਸਪੁਰਾ ਅਤੇ ਹੋਰ ਦੋ ਵਿਅਕਤੀਆਂ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰਦਾ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਜੀਤ ਸਿੰਘ ਉਰਫ ਗੁਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ 5 ਗ੍ਰਾਮ 50 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਬਾਕੀ ਦੋ ਫਰਾਰ ਸਾਥੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਕੇ ਛਾਪੇਮਾਰੀ ਜਾਰੀ ਹੈ।
- PTC NEWS