Khanna News : ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਖੰਨਾ ਪੁਲਿਸ ਨੇ ਤਿਆਰ ਕੀਤਾ ਸੇਫ਼ਟੀ ਸ਼ਿਕੰਜਾ
Khanna News : ਪੰਜਾਬ 'ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੈਨ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਹੈ। ਆਏ ਦਿਨ ਕੋਈ ਨਾ ਕੋਈ ਇਸ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਇਸ ਜਾਨਲੇਵਾ ਡੋਰ 'ਤੇ ਨੱਥ ਪਾਉਣ ’ਚ ਫੇਲ੍ਹ ਸਾਬਤ ਹੋ ਰਿਹਾ ਹੈ। ਸ਼ਰੇਆਮ ਦੁਕਾਨਾਂ ਤੇ ਪਿੰਡਾਂ ’ਚ ਇਹ ਡੋਰ ਬਿਨਾਂ ਕਿਸੇ ਡਰ ਤੋਂ ਵੇਚੀ ਜਾ ਰਹੀ ਹੈ।
ਇਸ ਦੌਰਾਨ ਖੰਨਾ ਪੁਲਿਸ ਨੇ ਚਾਈਨਾ ਡੋਰ ਵਿਰੁੱਧ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਦੋਪਹੀਆ ਵਾਹਨ ਸਵਾਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਮੋਟਰਸਾਈਕਲ ਦੇ ਅਗਲੇ ਹਿੱਸੇ 'ਤੇ ਲਗਾਉਣ ਲਈ ਇੱਕ ਵਿਸ਼ੇਸ਼ ਸੁਰੱਖਿਆ ਸ਼ਿਕੰਜਾ ਤਿਆਰ ਕੀਤਾ ਹੈ, ਜੋ ਵਾਹਨ ਚਲਦੇ ਸਮੇਂ ਚਾਈਨਾ ਡੋਰ ਨੂੰ ਗਰਦਨ ਜਾਂ ਚਿਹਰੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦੇਵੇਗਾ। ਖੰਨਾ ਪੁਲਿਸ ਦੇ ਇਸ ਕਦਮ ਨੂੰ ਸੜਕ ਸੁਰੱਖਿਆ ਪ੍ਰਤੀ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਪਹਿਲ ਮੰਨਿਆ ਜਾ ਰਿਹਾ ਹੈ।
ਚਾਈਨਾ ਡੋਰ ਹਰ ਸਾਲ ਕਈ ਮਾਸੂਮ ਜਾਨਾਂ ਲੈ ਲੈਂਦੀ ਹੈ। ਇਸ ਖਤਰੇ ਨੂੰ ਰੋਕਣ ਲਈ ਖੰਨਾ ਪੁਲਿਸ ਨੇ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਡੀਐਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਜਨਤਾ ਦੇ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਦਾ ਮੁੱਢਲਾ ਫਰਜ਼ ਹੈ ਅਤੇ ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਇਹ ਸੁਰੱਖਿਆ ਸ਼ਿਕੰਜਾ ਤਿਆਰ ਕੀਤਾ ਗਿਆ ਹੈ। ਖੰਨਾ ਪੁਲਿਸ ਨੇ ਆਮ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਨੂੰ ਵੇਚਣ ਜਾਂ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS