Happy New Year : ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ 'ਚ ਵੱਡੀ ਗਿਣਤੀ ਨਤਮਸਤਕ ਹੋ ਰਹੀ ਸੰਗਤ, ਸਰਬੱਤ ਦੇ ਭਲੇ ਕਰ ਰਹੀ ਅਰਦਾਸ
Sri Harimandir Sahib : ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਸੰਗਤਾਂ ਬੀਤੀ ਸ਼ਾਮ ਤੋਂ ਹੀ ਦਰਬਾਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ। ਹੱਡ ਚੀਰਵੀਂ ਠੰਡ ਅਤੇ ਸੰਘਣੀ ਧੂੰਦ ਦੇ ਬਾਵਜੂਦ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਾਤ ਨੂੰ ਠੀਕ 12 ਵਜੇ ਨਵਾਂ ਸਾਲ ਚੜ੍ਹਦਿਆਂ ਹੀ ਸੰਗਤਾਂ ਨੇ ਜੈਕਾਰੇ ਬੁਲਾ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਨੂੰ ਆਖਿਆ ਅਤੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ, ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿਤਰ ਸਰੋਵਰ ਚ ਇਸ਼ਨਾਨ ਕਰਕੇ 4 ਤੋਂ 7 ਘੰਟੇ ਤੱਕ ਕਤਾਰਾਂ ਚ ਇੰਤਜਾਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਹਨ ਭਾਰੀ ਠੰਡ ਤੇ ਲੰਬੇ ਇੰਤਜਾਰ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ। ਸੰਗਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੀਆਂ ਹਨ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਦਿਹਾੜੇ ਗੁਰੂ ਰਾਮਦਾਸ ਦੇ ਦਰ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।
ਨਵੇਂ ਸਾਲ 'ਤੇ ਹੋਰਨਾਂ ਪ੍ਰਮੁੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਅਨੇਕਾਂ ਸਿਆਸੀ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਾਲ 2026 ਲਈ ਗੁਰੂ ਘਰ ਦਾ ਅਸ਼ੀਰਵਾਦ ਲਿਆ।
ਦੋਵਾਂ ਆਗੂਆਂ ਨੇ ਨਵੇਂ ਸਾਲ (2026) ਦੀ ਆਮਦ 'ਤੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਜਿਥੇ ਅਰਦਾਸ ਕੀਤੀ, ਉਥੇ ਹੀ ਸੰਗਤ ਨੂੰ ਨਵੇਂ ਸਾਲ ਦੀ ਮੁਬਾਰਕ ਦਿੰਦਿਆਂ ਕਿਹਾ, ''ਆਪ ਸਭ ਨੂੰ ਨਵਾਂ ਸਾਲ ਮੁਬਾਰਕ, ਗੁਰੂ ਸਾਹਿਬ ਮੇਹਰ ਕਰਨ ਇਹ ਸਾਲ ਆਪ ਸਭ ਲਈ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਵੇ।''
- PTC NEWS