Wed, Aug 12, 2026
Whatsapp

ਬੰਗਲਾਦੇਸ਼ ਦੀਆਂ ਪਟੜੀਆਂ ‘ਤੇ ਦੌੜਨਗੇ ਪੰਜਾਬ ‘ਚ ਬਣੇ LHB ਕੋਚ

ਕਪੂਰਥਲਾ ‘ਚ ਰੇਲ ਕੋਚ ਫੈਕਟਰੀ (RCF) ‘ਚ ਬਣੇ 19 LHB ਕੋਚਾਂ ਵਾਲੀ ਪਹਿਲੀ ਟ੍ਰੇਨ (ਰੇਕ) ਬੰਗਲਾਦੇਸ਼ ਰੇਲਵੇ ਨੂੰ ਭੇਜਣ ਲਈ ਤਿਆਰ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕੋਚਾਂ ‘ਚ ਕਈ ਅਜਿਹੇ ਡਿਜ਼ਾਈਨ ਤੇ ਤਕਨੀਕੀ ਬਦਲਾਅ ਕੀਤੇ ਗਏ ਹਨ

Reported by:  PTC News Desk  Edited by:  Amritpal Singh -- August 12th 2026 10:15 AM
ਬੰਗਲਾਦੇਸ਼ ਦੀਆਂ ਪਟੜੀਆਂ ‘ਤੇ ਦੌੜਨਗੇ ਪੰਜਾਬ ‘ਚ ਬਣੇ LHB ਕੋਚ

ਬੰਗਲਾਦੇਸ਼ ਦੀਆਂ ਪਟੜੀਆਂ ‘ਤੇ ਦੌੜਨਗੇ ਪੰਜਾਬ ‘ਚ ਬਣੇ LHB ਕੋਚ

ਕਪੂਰਥਲਾ ‘ਚ ਰੇਲ ਕੋਚ ਫੈਕਟਰੀ (RCF) ‘ਚ ਬਣੇ 19 LHB ਕੋਚਾਂ ਵਾਲੀ ਪਹਿਲੀ ਟ੍ਰੇਨ (ਰੇਕ) ਬੰਗਲਾਦੇਸ਼ ਰੇਲਵੇ ਨੂੰ ਭੇਜਣ ਲਈ ਤਿਆਰ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕੋਚਾਂ ‘ਚ ਕਈ ਅਜਿਹੇ ਡਿਜ਼ਾਈਨ ਤੇ ਤਕਨੀਕੀ ਬਦਲਾਅ ਕੀਤੇ ਗਏ ਹਨ, ਜੋ ਪਹਿਲੀ ਵਾਰ LHB ਕੋਚਾਂ ‘ਚ ਸ਼ਾਮਲ ਕੀਤੇ ਗਏ ਹਨ। RCF ਕਪੂਰਥਲਾ 12 ਅਗਸਤ 2026 ਨੂੰ ਬੰਗਲਾਦੇਸ਼ ਰੇਲਵੇ ਲਈ 19 LHB ਬ੍ਰਾਡ ਗੇਜ ਯਾਤਰੀ ਕੋਚਾਂ ਦੀ ਪਹਿਲੀ ਰੇਕ ਦਾ ਰੋਲਆਊਟ ਕਰੇਗੀ।

ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੀ ਗਈ ਇਸ ਸ਼ੁਰੂਆਤੀ ਟ੍ਰੇਨ ‘ਚ ਕੁੱਲ 19 LHB ਬ੍ਰਾਡ-ਗੇਜ ਪੈਸੇਂਜਰ ਕੋਚ ਹਨ। ਇਸ ‘ਚ 3 AC ਸਲੀਪਰ ਕੋਚ, 3 AC ਚੇਅਰ ਕਾਰ, 11 ਨਾਨ-AC ਚੇਅਰ ਕਾਰ ਤੇ 02 ਪਾਵਰ ਕਾਰ ਸ਼ਾਮਲ ਹਨ। ਯਾਤਰੀਆਂ ਦੀਆਂ ਲੋੜਾਂ ਤੇ ਬੰਗਲਾਦੇਸ਼ ਰੇਲਵੇ ਦੀਆਂ ਖਾਸ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਇਨ੍ਹਾਂ ਕੋਚਾਂ ‘ਚ ਕਈ ਖਾਸ ਬਦਲਾਅ ਕੀਤੇ ਗਏ ਹਨ। RCF ਦੇ ਮੁਤਾਬਕ, ਇਨ੍ਹਾਂ ‘ਚੋਂ ਕਈ ਡਿਜ਼ਾਈਨ ਫੀਚਰ ਤੇ ਬਦਲਾਅ ਪਹਿਲੀ ਵਾਰ LHB-ਟਾਈਪ ਕੋਚਾਂ ਲਈ ਵਿਕਸਤ ਕੀਤੇ ਗਏ ਹਨ।

ਕੋਚਾਂ ਦੀਆਂ ਵਿਸ਼ੇਸ਼ਤਾਵਾਂ

ਇਨ੍ਹਾਂ ਕੋਚਾਂ ‘ਚ ਖਾਸ ਤੌਰ ‘ਤੇ ਰਿਕਲਾਈਨਿੰਗ ਚੇਅਰ ਡਿਜ਼ਾਈਨ ਕੀਤੀਆਂ ਗਈਆਂ ਹਨ। ਸਟੇਨਲੈੱਸ ਸਟੀਲ ਆਰਮ-ਰੇਸਟ ਤੇ ਸਟੇਨਲੈੱਸ ਸਟੀਲ ਫੁੱਟ-ਰੇਸਟ ਲਗਾਏ ਗਏ ਹਨ। ਆਰਾਮ ਲਈ ਕਈ ਰਿਕਲਾਈਨਿੰਗ ਪੋਜ਼ੀਸ਼ਨ ਦਿੱਤੇ ਗਏ ਹਨ। AC ਕੋਚਾਂ ‘ਚ ਪੱਖੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਏਕੀਕ੍ਰਿਤ ਯਾਤਰੀ-ਕੇਂਦਰਿਤ ਸਹੂਲਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ।

ਰੇਲਵੇ ਟੈਕਨਾਲੋਜੀ ਨੂੰ ਮਿਲੇਗੀ ਪਛਾਣ

ਦੱਸਿਆ ਜਾ ਰਿਹਾ ਹੈ ਕਿ ਮੇਡ ਇਨ ਇੰਡੀਆ ਕੋਚਾਂ ਦੀ ਇਹ ਖੇਪ ਭਾਰਤ ਦੀ ਰੇਲਵੇ ਟੈਕਨਾਲੋਜੀ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਉਣ ‘ਚ ਮਦਦ ਕਰੇਗੀ। ਨਾਲ ਹੀ, ਇਸ ਨਾਲ ਭਵਿੱਖ ‘ਚ ਦੂਜੇ ਦੇਸ਼ਾਂ ਤੋਂ ਭਾਰਤੀ ਰੇਲਵੇ ਕੋਚਾਂ ਤੇ ਟੈਕਨਾਲੋਜੀ ਲਈ ਨਵੇਂ ਆਰਡਰ ਮਿਲਣ ਦਾ ਰਾਹ ਵੀ ਖੁੱਲ੍ਹ ਸਕਦਾ ਹੈ।

ਰੇਲਵੇ ਸੈਕਟਰ ‘ਚ ਸਹਿਯੋਗ ਹੋਵੇਗਾ ਮਜ਼ਬੂਤ

ਮੰਨਿਆ ਜਾ ਰਿਹਾ ਹੈ ਕਿ ਇਹ ਰੋਲਆਊਟ ਭਾਰਤ ਤੇ ਬੰਗਲਾਦੇਸ਼ ਵਿਚਕਾਰ ਰੇਲ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ। ਇਸ ਰੇਕ ਦੇ ਸਫਲ ਰੋਲਆਊਟ ਨਾਲ ਦੋਵਾਂ ਦੇਸ਼ਾਂ ਵਿਚਕਾਰ ਰੇਲਵੇ ਸੈਕਟਰ ‘ਚ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। RCF ਦੀ ਇਹ ਉਪਲਬਧੀ ਰੇਲਵੇ ਐਕਸਪੋਰਟ ਨੂੰ ਉਤਸ਼ਾਹਿਤ ਕਰਨ ਤੇ ਅੰਤਰਰਾਸ਼ਟਰੀ ਮਾਰਕੀਟ ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਦਿਸ਼ਾ ‘ਚ ਭਾਰਤ ਲਈ ਇੱਕ ਅਹਿਮ ਕਦਮ ਹੈ। ਅਜਿਹੇ ਅੰਤਰਰਾਸ਼ਟਰੀ ਪ੍ਰੋਜੈਕਟ ਭਵਿੱਖ ‘ਚ ਭਾਰਤੀ ਰੇਲਵੇ ਲਈ ਨਵੇਂ ਮੌਕੇ ਪੈਦਾ ਕਰ ਸਕਦੇ ਹਨ।

ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੋਸਟ ਸ਼ੇਅਰ ਕਰਦਿਆ ਲਿਖਿਆ ਕਿ 'ਪੰਜਾਬ ਲਈ ਮਾਣ ਦਾ ਪਲ! ਬੰਗਲਾਦੇਸ਼ ਰੇਲਵੇ ਲਈ 19 LHB ਕੋਚਾਂ ਦੀ ਪਹਿਲੀ ਰੇਕ ਦੇ ਰੋਲਆਊਟ ਮੌਕੇ ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਪੂਰੀ ਟੀਮ ਅਤੇ ਸਾਡੇ ਸਮਰਪਿਤ ਰੇਲਵੇ ਅਧਿਕਾਰੀਆਂ ਨੂੰ ਦਿਲੋਂ ਵਧਾਈ। RCF ਕਪੂਰਥਲਾ ਦੀ ਉੱਤਮਤਾ, ਨਵੀਨਤਾ ਅਤੇ ਭਾਰਤੀ ਰੇਲਵੇ ਦੀ ਸੇਵਾ ਦੀ ਇੱਕ ਸ਼ਾਨਦਾਰ ਵਿਰਾਸਤ ਰਹੀ ਹੈ ਅਤੇ ਅੱਜ ਪੰਜਾਬ ਦੀ ਇੰਜੀਨੀਅਰਿੰਗ ਸਮਰੱਥਾ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾ ਰਹੀ ਹੈ। ਮੈਂ ਮਾਣਯੋਗ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ ਅਤੇ ਰੇਲਵੇ ਪਰਿਵਾਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵਧਾਈ ਦਿੰਦਾ ਹਾਂ।

ਇਹ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ‘ਨਵੇਂ ਭਾਰਤ’ ਦੇ ਵਿਜ਼ਨ ਦਾ ਪ੍ਰਮਾਣ ਹੈ, ਜਿੱਥੇ ਭਾਰਤੀ ਨਿਰਮਾਣ, ਤਕਨਾਲੋਜੀ ਅਤੇ ਹੁਨਰ ਨਾ ਸਿਰਫ਼ ਸਾਡੀ ਆਪਣੀ ਰੇਲਵੇ ਨੂੰ ਮਜ਼ਬੂਤ ਕਰ ਰਹੇ ਹਨ, ਸਗੋਂ ਪੂਰੀ ਦੁਨੀਆ ਦਾ ਭਰੋਸਾ ਵੀ ਜਿੱਤ ਰਹੇ ਹਨ।

ਪੰਜਾਬ ਦੀ ਪ੍ਰਤਿਭਾ, ਭਾਰਤ ਦੀ ਤਕਨਾਲੋਜੀ ਅਤੇ ਮੋਦੀ ਜੀ ਦਾ ਵਿਜ਼ਨ ਮਿਲ ਕੇ ਭਾਰਤੀ ਰੇਲਵੇ ਨੂੰ ਵਿਸ਼ਵ ਪੱਧਰ ’ਤੇ ਪਹੁੰਚਾ ਰਹੇ ਹਨ।'

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK