Sun, Apr 28, 2024
Whatsapp

Lok Sabha 2024: ਜੇਲ੍ਹ 'ਚ ਕੇਜਰੀਵਾਲ, ਜਾਣੋ ਕਿਵੇਂ ਤੇ ਕਿਹੜੇ ਸੂਬਿਆਂ 'ਚ 'ਆਪ' ਦੀ ਚੋਣ ਨੀਤੀ ਹੋ ਸਕਦੀ ਹੈ ਪ੍ਰਭਾਵਤ

Written by  KRISHAN KUMAR SHARMA -- March 23rd 2024 05:38 PM -- Updated: March 23rd 2024 09:27 PM
Lok Sabha 2024: ਜੇਲ੍ਹ 'ਚ ਕੇਜਰੀਵਾਲ, ਜਾਣੋ ਕਿਵੇਂ ਤੇ ਕਿਹੜੇ ਸੂਬਿਆਂ 'ਚ 'ਆਪ' ਦੀ ਚੋਣ ਨੀਤੀ ਹੋ ਸਕਦੀ ਹੈ ਪ੍ਰਭਾਵਤ

Lok Sabha 2024: ਜੇਲ੍ਹ 'ਚ ਕੇਜਰੀਵਾਲ, ਜਾਣੋ ਕਿਵੇਂ ਤੇ ਕਿਹੜੇ ਸੂਬਿਆਂ 'ਚ 'ਆਪ' ਦੀ ਚੋਣ ਨੀਤੀ ਹੋ ਸਕਦੀ ਹੈ ਪ੍ਰਭਾਵਤ

CM Arvind Kejriwal Impect on Lok Sabha 2024: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਈਡੀ ਵੱਲੋਂ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਪਾਲਿਸੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ (Arvind Kejriwal Arrested) ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ, ਜਿਸ ਦਾ ਵੱਡਾ ਪ੍ਰਭਾਵ ਉਨ੍ਹਾਂ ਰਾਜਾਂ 'ਚ ਵਿਖਾਈ ਦੇ ਸਕਦਾ ਹੈ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਉਭਰੀ ਰਹੀ ਹੈ।

ਅਰਵਿੰਦ ਕੇਜਰੀਵਾਲ (CM Kejriwal) ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਚਲਾਉਣ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਵੀ ਆਪ ਲੀਡਰਸ਼ਿਪ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਕੇਜਰੀਵਾਲ ਜੇਲ੍ਹ ਵਿਚੋਂ ਹੀ ਸਰਕਾਰ ਚਲਾਉਣਗੇ, ਪਰ ਫਿਰ ਵੀ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਕੈਬਨਿਟ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਦੇ ਨਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।


ਕੇਜਰੀਵਾਲ ਸਮੇਤ ਜੇਲ੍ਹ 'ਚ ਹਨ ਇਹ ਵੱਡੇ ਨੇਤਾ

ਅਜਿਹੇ 'ਚ ਪਾਰਟੀ ਸਾਹਮਣੇ ਇੱਕ ਵੱਡੀ ਚੁਨੌਤੀ ਹੈ ਕਿ ਉਹ ਕੇਜਰੀਵਾਲ ਦੇ ਬਰਾਬਰ ਦੇ ਨੇਤਾ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੇ, ਜੋ ਕਿ ਉਨ੍ਹਾਂ ਦੇ ਕੱਦ ਦੇ ਨੇੜੇ ਢੁਕਦਾ ਹੋਵੇ। ਕਿਉਂਕਿ 'ਆਪ' ਦੇ ਸਾਰੇ ਪ੍ਰਮੁੱਖ ਨੇਤਾ - ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ - ਇਸ ਸਮੇਂ ਆਬਕਾਰੀ ਨੀਤੀ ਕੇਸ ਦੇ ਸਬੰਧ ਵਿੱਚ ਜੇਲ੍ਹ ਵਿੱਚ ਹਨ। ਦੱਸ ਦਈਏ ਕਿ ਕੇਜਰੀਵਾਲ 2012 ਤੋਂ ਪਾਰਟੀ ਦੀ ਸ਼ੁਰੂਆਤ ਸਮੇਂ ਤੋਂ ਕਨਵੀਨਰ ਅਤੇ 3 ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ। 

ਪਾਰਟੀ ਕਨਵੀਨਰ ਵੱਜੋਂ ਇਹ ਨਾਂ ਚਰਚਾ 'ਚ

ਲੀਡਰਸ਼ਿਪ ਨੂੰ ਦਿੱਲੀ ਅਤੇ ਪੰਜਾਬ ਵਿਚ ਸਰਕਾਰਾਂ ਚਲਾਉਣ ਦੇ ਨਾਲ-ਨਾਲ ਗੁਜਰਾਤ ਅਤੇ ਗੋਆ ਵਿਚ ਵੀ ਵਿਧਾਇਕ ਸੰਭਾਲਣ ਵਾਲੀ ਪਾਰਟੀ ਦੀ ਅਗਵਾਈ ਕਰਨ ਲਈ ਕੇਜਰੀਵਾਲ ਦਾ ਬਦਲ ਲੱਭਣਾ ਹੋਵੇਗਾ। ਹਾਲਾਂਕਿ ਇਸ ਕੜੀ ਵਿੱਚ ਪਾਰਟੀ ਕੋਲ ਵੱਡੀ ਲੀਡਰਸ਼ਿਪ ਨਹੀਂ ਹੈ ਅਤੇ ਕੁੱਝ ਸੀਮਤ ਨਾਂ ਹੀ ਹਨ, ਜਿਨ੍ਹਾਂ ਵਿੱਚ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਤਿਸ਼ੀ ਦਾ ਨਾਂ ਵੀ ਅਜਿਹੇ ਨੇਤਾਵਾਂ ਵਜੋਂ ਚਰਚਾ 'ਚ ਹੈ, ਜੋ 'ਆਪ' ਦੇ ਨਵੇਂ ਕੌਮੀ ਕਨਵੀਨਰ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।

ਕੀ ਕਹਿੰਦਾ ਹੈ ਦਿੱਲੀ ਦਾ ਗਣਿਤ

ਜੇਕਰ ਦਿੱਲੀ 'ਚ 2014 ਦੀਆਂ ਲੋਕ ਸਭਾ ਚੋਣਾਂ ਦੇਖੀਆਂ ਜਾਣ ਤਾਂ ਭਾਜਪਾ ਨੇ 46.6% ਵੋਟਾਂ ਹਾਸਲ ਕਰਕੇ ਦਿੱਲੀ ਦੀਆਂ ਸਾਰੀਆਂ ਸੀਟਾਂ ਜਿੱਤੀਆਂ, ਜਦੋਂਕਿ ਆਪ ਨੂੰ 33% ਵੋਟਾਂ ਹਾਸਲ ਹੋਈਆਂ ਸਨ, ਪਰ ਖਾਤਾ ਖੋਲ੍ਹਣ ਵਿੱਚ ਅਸਫਲ ਰਹੀ। ਕਾਂਗਰਸ ਦਾ ਵੋਟ ਸ਼ੇਅਰ 15% ਸੀ। ਇਸ ਦੇ ਉਲਟ 'ਆਪ' 2015 'ਚ ਦਿੱਲੀ ਅੰਦਰ ਸਰਕਾਰ ਬਣਾਉਣ 'ਚ ਕਾਮਯਾਬ ਰਹੀ। ਪਰ ਫਿਰ ਮੁੜ ਕੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕੋਈ ਸੀਟ ਨਹੀਂ ਮਿਲੀ ਅਤੇ ਸਿਰਫ਼ 18 ਫ਼ੀਸਦੀ ਵੋਟ ਮਿਲੀ ਅਤੇ 2020 ਦੀਆਂ ਦਿੱਲੀ ਵਿਧਾਨ ਸਭਾ ਸਭਾ 'ਚ 70 ਵਿਚੋਂ 62 ਸੀਟਾਂ 'ਤੇ ਜਿੱਤ ਨਾਲ ਸਰਕਾਰ ਬਣਾਈ, ਜਦਕਿ ਭਾਜਪਾ ਨੂੰ ਸਿਰਫ਼ ਅੱਠ ਅਤੇ ਕਾਂਗਰਸ ਨੂੰ ਕੋਈ ਜਿੱਤ ਨਹੀਂ ਮਿਲੀ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੇ 67 ਸੀਟਾਂ ਜਿੱਤੀਆਂ ਸਨ। ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਵੀ ਹੈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਰਾਜਾਂ 'ਚ ਖਲੇਗੀ ਕੇਜਰੀਵਾਲ ਦੀ ਗ਼ੈਰ-ਮੌਜੂਦਗੀ

ਜੇਕਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਵਾਚਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ 'ਤੇ ਸਿੱਧਾ ਅਸਰ ਪੈ ਸਕਦਾ ਹੈ, ਕਿਉਂਕਿ ਕੇਜਰੀਵਾਲ ਦਾ ਲੋਕਾਂ 'ਚ ਖੁਦ ਇੱਕ ਪ੍ਰਭਾਵ ਹੈ ਅਤੇ ਪਾਰਟੀ ਜ਼ਿਆਦਾਤਰ ਉਨ੍ਹਾਂ ਦੇ ਨਾਂ ਦੁਆਲੇ ਹੀ ਘੁੰਮਦੀ ਹੈ। ਆਪ ਸੁਪਰੀਮੋ ਜੇਕਰ ਇਸ ਸਮੇਂ ਦੌਰਾਨ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ ਤਾਂ ਆਪ ਲੀਡਰਸ਼ਿਪ ਲਈ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਇੱਕ ਵੱਡੀ ਚੁਨੌਤੀ ਪੈਦਾ ਹੋ ਜਾਵੇਗੀ, ਜਿਨ੍ਹਾਂ ਰਾਜਾਂ 'ਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਵੇਗਾ, ਉਨ੍ਹਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ, ਗੋਆ ਅਤੇ ਆਸਾਮ ਹੋ ਸਕਦੇ ਹਨ। ਪੰਜਾਬ ਅਤੇ ਦਿੱਲੀ 'ਚ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ, ਜਿਥੇ ਉਨ੍ਹਾਂ ਦੀ ਪਾਰਟੀ ਦੀ ਆਪਣੀ ਸਰਕਾਰ ਅਤੇ ਇਥੇ ਕੇਜਰੀਵਾਲ ਦੀ ਗ਼ੈਰ-ਮੌਜੂਦਗੀ ਇੱਕ ਵੱਡਾ ਖਲਾਅ ਪੈਦਾ ਕਰੇਗੀ।

ਪੰਜਾਬ 'ਚ ਕੇਜਰੀਵਾਲ ਦਾ ਸਭ ਤੋਂ ਵੱਧ ਪ੍ਰਭਾਵ ਹੈ, ਜਿਥੇ 13 ਸੀਟਾਂ ਹਨ। ਜੇਕਰ ਪੰਜਾਬ 'ਚ ਕੇਜਰੀਵਾਲ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ ਤਾਂ 2019 'ਚ 8 ਹਲਕਿਆਂ 'ਤੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ 'ਤੇ ਵੀ ਨੁਕਸਾਨ ਦਾ ਖਤਰਾ ਮੰਡਰਾ ਸਕਦਾ ਹੈ।

ਦੱਸ ਦਈਏ ਕਿ ਕੇਜਰੀਵਾਲ ਦੇ ਪ੍ਰਚਾਰ ਸਦਕਾ 'ਆਪ' ਨੇ ਪੰਜਾਬ 'ਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ 117 ਵਿਧਾਨ ਸਭਾ ਸੀਟਾਂ 'ਚੋਂ 92 'ਤੇ ਜਿੱਤ ਹਾਸਲ ਕੀਤੀ ਸੀ ਅਤੇ ਕਾਂਗਰਸ ਨੂੰ ਸਿੱਧਾ ਨੁਕਸਾਨ ਕੀਤਾ ਸੀ।

-

Top News view more...

Latest News view more...