Mon, Apr 29, 2024
Whatsapp

ਅਧੂਰੀ ਮੁਹੱਬਤ ਦਾ ਮੁਕੰਮਲ ਅਫ਼ਸਾਨਾ; ਅੰਮ੍ਰਿਤਾ, ਸਾਹਿਰ ਅਤੇ ਇੰਮਰੋਜ਼ ਦਾ ਇਸ਼ਕ

Written by  Shameela Khan -- August 31st 2023 04:52 PM -- Updated: August 31st 2023 05:01 PM
ਅਧੂਰੀ ਮੁਹੱਬਤ ਦਾ ਮੁਕੰਮਲ ਅਫ਼ਸਾਨਾ; ਅੰਮ੍ਰਿਤਾ, ਸਾਹਿਰ ਅਤੇ ਇੰਮਰੋਜ਼ ਦਾ ਇਸ਼ਕ

ਅਧੂਰੀ ਮੁਹੱਬਤ ਦਾ ਮੁਕੰਮਲ ਅਫ਼ਸਾਨਾ; ਅੰਮ੍ਰਿਤਾ, ਸਾਹਿਰ ਅਤੇ ਇੰਮਰੋਜ਼ ਦਾ ਇਸ਼ਕ

ਨਾਰੀ ਮਤ ਦੇ ਦਰਦ ਦੀ ਆਵਾਜ਼ ਬਣਕੇ ਪੁੰਗਰਣ ਵਾਲੀ ਅੰਮ੍ਰਿਤਾ ਪ੍ਰੀਤਮ ਇੱਕ ਅਜਿਹੀ ਮਹਾਨ ਲੇਖਿਕਾ ਜੋ ਅਨੁਭਵੀ ਅਤੇ ਮੌਲਿਕ ਕਵਿਤਰੀ ਹੋਣ ਦੇ ਨਾਲ਼-ਨਾਲ਼ ਇੱਕ ਡੂੰਘੀ ਅੰਤਰ ਦ੍ਰਿਸ਼ਟੀ ਰੱਖਣ ਵਾਲੀ ਵਿਲੱਖਣ ਸ਼ਖ਼ਸੀਅਤ ਦੀ ਮਾਲਿਕ ਸੀ। ਕੋਈ ਉਸ ਨੂੰ ਪੰਜਾਬੀ ਜ਼ੁਬਾਨ ਕਹਿੰਦਾ ਹੈ ਅਤੇ ਕੋਈ ਉਸਨੂੰ ਪੰਜਾਬ ਦੀ ਪੀੜ ਕਹਿੰਦਾ ਹੈ।


ਬੰਦਿਸ਼ਾ ਦਾ ਮੋਹਤਾਜ ਨਹੀਂ ਸੀ ਅੰਮ੍ਰਿਤਾ ਦਾ ਇਸ਼ਕ :

ਕਿਸੇ ਨੇ ਠੀਕ ਹੀ ਕਿਹਾ ਹੈ ਕਿ ਪਿਆਰ ਨੂੰ ਕਿਸੇ ਤਰ੍ਹਾਂ ਦੀਆਂ ਧਰਮਿਕ ਖ਼ੇਤਰੀ ਜਾਂ ਫ਼ਿਰ ਸਮੇਂ ਦੀਆਂ ਬੰਦਿਸ਼ਾ ਦਾ ਮੋਹਤਾਜ ਨਹੀਂ ਹੁੰਦਾ। ਅੰਮ੍ਰਿਤਾ ਦਾ ਪਿਆਰ ਵੀ ਅਜਿਹਾ ਹੀ ਸੀ। ਜਦੋਂ ਅੰਮ੍ਰਿਤਾ ਨੇ ਨਿੱਕੇ-ਨਿੱਕੇ ਹੱਥਾਂ ਨਾਲ਼ ਕਲਮ ਫੜੀ ਤਾਂ ਕੌਣ ਜਾਣਦਾ ਸੀ ਕਿ ਇੱਕ ਦਿਨ ਇਹ ਅੰਮ੍ਰਿਤਾ ਪ੍ਰੀਤਮ ਖ਼ੁਦ ਹੀ ‘ਪਿਆਰ’ ਦੀ ਮਿਸਾਲ ਬਣ ਜਾਵੇਗੀ। ਅੰਮ੍ਰਿਤਾ ਬਾਰੇ ਕਿਸੇ ਨੇ ਕਿਹਾ ਸੀ ਕਿ ਲੋਕ ਕਵਿਤਾ ਲਿਖਦੇ ਹਨ ਅਤੇ ਜ਼ਿੰਦਗੀ ਜੀਉਂਦੇ ਹਨ, ਪਰ ਅੰਮ੍ਰਿਤਾ ਤਾਂ ਜ਼ਿੰਦਗੀ ਲਿਖ ਕੇ ਕਵਿਤਾ ਜਿਉਂਦੀ ਸੀ।

6 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਵਿਆਹ :

 ਅੰਮ੍ਰਿਤਾ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ। ਮਹਿਜ਼ 6 ਸਾਲ ਦੀ ਉਮਰ 'ਚ ਉਸ ਦਾ ਵਿਆਹ ਬਿਜ਼ਨਸਮੈਨ ਪ੍ਰੀਤਮ ਸਿੰਘ ਨਾਲ ਹੋਇਆ ਸੀ। ਹਾਲਾਂਕਿ  ਬਾਅਦ ਵਿੱਚ  ਉਸਦੀ ਮੌਤ ਹੋ ਗਈ ਸੀ। ਪਰ ਅੰਮ੍ਰਿਤਾ ਦੇ ਨਿੱਕੇ ਹੱਥਾ ਨੇ ਇਸ ਤੋਂ ਪਹਿਲਾਂ ਹੀ  ਕਲਮ ਫੜ ਲਈ ਸੀ। ਜਿਸ ਦੇ ਨਤੀਜੇ ਵਜੋਂ ਮਹਿਜ਼ 16 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਪਹਿਲੀ ਪੁਸਤਕ ‘ਅੰਮ੍ਰਿਤ ਲਹਿਰਾਂ’ ਪ੍ਰਕਾਸ਼ਿਤ ਹੋਈ।

ਸਾਹਿਰ ਦੇ ਨਾਲ਼ ਉਹ ਪਹਿਲੀ ਮੁਲ਼ਾਕਾਤ ਦਾ ਫ਼ਸਾਨਾ:

ਕੌਣ ਕਹਿ ਸਕਦਾ ਹੈ ਕਿ ਕਦੋਂ, ਕਿਸ ਨਾਲ ਅਤੇ ਕਿਵੇਂ ਪਿਆਰ ਹੋ ਜਾਵੇ? ਅੰਮ੍ਰਿਤਾ ਨੂੰ ਵੀ ਕਿੱਥੇ ਪਤਾ ਸੀ ਕਿ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਹ ਆਪਣਾ ਦਿਲ ਸਾਹਿਰ 'ਤੇ ਦਿਲ ਵਾਰ ਦੇਵੇਗੀ । ਸਾਲ 1944 ਦੀ ਗੱਲ ਹੈ ਜਦੋਂ ਲਾਹੌਰ ਦੇ ਪ੍ਰੀਤ ਨਗਰ ਵਿੱਚ ਇੱਕ ਮੁਸ਼ਾਇਰਾ ਕਰਵਾਇਆ ਗਿਆ। ਇਹ ਉਹ ਮੁਸ਼ਾਇਰਾ ਸੀ ਜਿੱਥੇ ਸਾਹਿਰ ਅਤੇ ਅੰਮ੍ਰਿਤਾ ਪਹਿਲੀ ਵਾਰ ਮਿਲੇ ਸਨ। ਉਹ ਕਹਿੰਦੇ ਨੇ ਨਾ ਕਿ ਪਿਆਰ ਵਿੱਚ ਪੈਣ ਲਈ ਮਹਿਜ਼ ਇੱਕ ਮੁਲ਼ਾਕਾਤ ਵੀ ਕਾਫ਼ੀ ਹੁੰਦੀ ਹੈ। ਇਸ ਮੁਲ਼ਾਕਾਤ ਵਿੱਚ ਅੰਮ੍ਰਿਤਾ ਨੇ  ਸਾਹਿਰ ਨੂੰ ਆਪਣਾ ਦਿਲ ਦੇ ਦਿੱਤਾ। ਇਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਅੰਮ੍ਰਿਤਾ ਦੀਆਂ ਅੱਖਾਂ ਅਤੇ ਦਿਲ ਵਿੱਚ ਜੋ ਵੀ ਸੀ ਉਹ ਉਸ ਦੀ ਜ਼ੁਬਾਨ 'ਤੇ ਆਉਣ ਵਿੱਚ ਸਮਾਂ ਲੈ ਰਿਹਾ ਸੀ। ਦੋਵੇਂ ਘੰਟਿਆਂ ਬੱਧੀ ਇੱਕ ਦੂਜੇ ਦੇ ਕੋਲ ਬੈਠੇ ਰਹਿੰਦੇ, ਪਰ ਪੂਰੀ ਤਰ੍ਹਾਂ ਖ਼ਾਮੋਸ਼...



ਸਾਹਿਰ ਅਤੇ ਅੰਮ੍ਰਿਤਾ ਦਾ ਰਿਸ਼ਤਾ ਇੰਨ੍ਹਾਂ ਡੂੰਘਾ ਸੀ ਜੋ ਕਿ ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ 'ਰਸੀਦੀ ਟਿਕਟ'  ਵਿੱਚ ਪੂਰੀ ਤਰ੍ਹਾਂ ਬਿਆਨ ਹੈ। ਉਹ ਲਿਖ਼ਦੀ ਹੈ, 
"ਸਾਹਿਰ ਮੇਰੇ ਕਮਰੇ ਵਿੱਚ ਚੁੱਪ-ਚਾਪ ਸਿਗਰਟ ਪੀਂਦਾ ਰਹਿੰਦਾ ਅਤੇ ਅੱਧੀ ਸਿਗਰਤ ਪੀ ਕੇ ਸੁੱਟ ਦਿੰਦਾ ਅਤੇ ਨਵੀਂ ਜਗ੍ਹਾ ਲੈਂਦਾ। ਜਦੋਂ ਉਹ ਜਾਂਦਾ ਤਾਂ ਉਸ ਦੀਆਂ ਸਿਗਰਟਾਂ ਦੀ ਮਹਿਕ ਮੇਰੇ ਕਮਰੇ ਵਿੱਚ ਹੀ ਰਹਿੰਦੀ। ਮੈਂ ਉਨ੍ਹਾਂ ਸਿਗਰਟਾਂ ਨੂੰ ਸੰਭਾਲ ਕੇ ਰੱਖ ਲੈਂਦੀ ਅਤੇ ਜਦੋਂ ਇਕੱਲੀ ਹੁੰਦੀ ਤਾਂ ਮੈਂ ਉਨ੍ਹਾਂ ਸਿਗਰਟਾਂ ਨੂੰ ਦੁਬਾਰਾ ਇਸਤੇਮਾਲ ਕਰਦੀ। ਜਦੋਂ ਮੈਂ ਉਨ੍ਹਾਂ ਸਿਗਰਟਾਂ ਨੂੰ ਆਪਣੀਆਂ ਉਂਗਲਾ ਵਿੱਚ ਫ਼ੜਦੀ ਤਾਂ ਮੈਂਨੂੰ ਮਹਿਸੂਸ ਹੁੰਦਾ ਕਿ ਉਹ ਮੇਰੇ ਹੱਥਾ ਨੂੰ ਛੂ ਰਿਹਾ ਹੈ।"

 ਇਸਤਰੀ ਦੀ ਆਵਾਜ਼:

ਅੰਮ੍ਰਿਤਾ ਪ੍ਰੀਤਮ ਦਾ ਕਾਵਿ ਸਫ਼ਰ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਉਸਨੇ ਆਪਣੀ ਕਾਵਿ ਰਚਨਾ ਸਾਧਾਰਨ ਕਵਿਤਰੀ ਤੋਂ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਉਹ ਪੰਜਾਬ ਦੀ 'ਨਾਰੀ ਚੇਤਨਾ ਦੀ ਆਵਾਜ਼' ਦਾ ਰੂਪ ਧਾਰ ਕੇ ਅੰਤਰ ਰਾਸ਼ਟਰੀ ਸ਼ਿਖ਼ਰਾਂ 'ਤੇ ਪਹੁੰਚੀ। ਉਸ ਦੇ ਮੁੱਢਲੇ ਕਾਵਿ ਸੰਗ੍ਰਿਹ 'ਠੰਢੀਆਂ ਕਿਰਨਾਂ' ਅਤੇ ਅੰਮ੍ਰਿਤ ਲਹਿਰਾਂ ਵਿੱਚ ਛਪੇ। ਉਸ ਦੀ ਕਵਿਤਾ 'ਅੱਜ ਆਖ਼ਾਂ ਵਾਰਿਸ ਸ਼ਾਹ ਨੂੰ' ਨੇ ਬਗ਼ਾਵਤੀ ਹਵਾਵਾਂ ਦਾ ਰੁਖ਼ ਬਦਲਿਆ। 

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੌਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ।
ਅੱੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ

اج آکھاں وارث شاہ نوں، کتھوں قبراں وچوں بول
تے اج کتابِ عشق دا کوئی اگلا ورقہ پَھول
اک روئی سی دھی پنجاب دی، تُوں لکھ لکھ مارے بین
اج لکھاں دھیاں روندیاں، تینوں وارث شاہ نوں کہن
اُٹھ درد منداں دیا دردیا، اُٹھ ویکھ اپنا پنجاب
اج بیلے لاشاں وچھیاں تے لہو دی بھری چناب

ਵੰਡ ਦਾ ਦਰਦ:

ਇਸ ਦੌਰਾਨ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣ ਗਏ। ਇਹ ਵੰਡ ਸਾਹਿਰ ਅਤੇ ਅੰਮ੍ਰਿਤਾ ਦੇ ਹਿੱਸੇ ਵੀ ਆਈ। ਜਦੋਂ ਸਾਹਿਰ ਲਾਹੌਰ ਆਇਆ ਤਾਂ ਅੰਮ੍ਰਿਤਾ ਆਪਣੇ ਪਤੀ ਨਾਲ ਦਿੱਲੀ ਚਲੀ ਗਈ। ਹੁਣ ਦੋ ਦਿਲਾਂ ਦੀ ਦੂਰੀ ਸਿਰਫ਼ ਅੱਖਰਾਂ ਦਾ ਸਹਾਰਾ ਸੀ। ਇਨ੍ਹੀਂ ਦਿਨੀਂ ਅੰਮ੍ਰਿਤਾ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਪਰ ਸਾਹਿਰ ਲਈ ਉਸ ਦਾ ਪਿਆਰ ਇੰਚ ਵੀ ਘੱਟ ਨਹੀਂ ਹੋਇਆ। 

ਹੁਣ ਉਹ ਸਮਾਂ ਆ ਗਿਆ ਜਦੋਂ ਅੰਮ੍ਰਿਤਾ ਦੇ ਪਤੀ ਨੂੰ ਸਾਹਿਰ ਨਾਲ ਉਸ ਦੀ ਨੇੜਤਾ ਬਾਰੇ ਪਤਾ ਲੱਗਾ। ਉਸ ਨੂੰ ਇਹ ਗੱਲ਼ ਯਕੀਨਯੋਗ ਨਾ ਲੱਗੀ। ਪਰ ਪਿਆਰ ਕਿੱਥੇ ਲੁਕਾਇਆਂ ਲੁਕਦਾ ਹੈ।  ਇਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਆ ਗਿਆ। ਇਸ ਦੌਰਾਨ ਸਾਹਿਰ ਫਿਲਮਾਂ ਦੇ ਲਈ ਮੁੰਬਈ ਆ ਗਿਆ ਅਤੇ ਅੰਮ੍ਰਿਤਾ ਦਿੱਲੀ ਰਹਿ ਗਈ। ਹੁਣ ਸਾਹਿਰ ਅਤੇ ਅੰਮ੍ਰਿਤਾ ਵਿੱਚਕਾਰ ਦੂਰੀ ਆਉਣ ਲੱਗੀ। ਚਿੱਠੀਆਂ ਲਿਖਣੀਆਂ ਲਗਭਗ ਬੰਦ ਹੋ ਗਈਆਂ । ਸਾਹਿਰ ਇੱਕ ਸਫ਼ਲ ਗੀਤਕਾਰ ਬਣ ਗਿਆ ਅਤੇ ਉਸ ਦਾ ਨਾਂ ਕਈ ਮਸ਼ਹੂਰ ਗਾਇਕਾਂ ਨਾਲ਼ ਜੋੜਿਆ ਜਾਣ ਲੱਗਾ।

ਇਸੇ ਦੌਰਾਨ ਅੰਮ੍ਰਿਤਾ ਆਪਣੇ ਪਤੀ ਤੋਂ ਵੱਖ ਹੋ ਗਈ ਅਤੇ ਦਿੱਲੀ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ। ਉਸ ਨੂੰ 1958 ਵਿੱਚ ਇਮਰੋਜ਼ ਮਿਲਿਆ। ਦੋਹਾਂ ਵਿੱਚਕਾਰ ਖ਼ਾਮੋਸ਼ ਪਿਆਰ ਸੀ। ਇਮਰੋਜ਼ ਅੰਮ੍ਰਿਤਾ ਨੂੰ ਬਹੁਤ ਪਿਆਰ ਕਰਦਾ ਸੀ। 

ਅੰਮ੍ਰਿਤਾ ਪ੍ਰੀਤਮ ਨੂੰ ਰਾਤ ਨੂੰ ਲਿਖਣਾ ਪਸੰਦ ਸੀ।ਜਿਸ ਲਈ ਜਦੋਂ ਅੰਮ੍ਰਿਤਾ ਲਿਖ਼ਦੀ ਤਾਂ ਇਮਰੋਜ਼ ਰਾਤ ਨੂੰ ਉੱਠ ਕੇ ਉਸ ਲਈ ਚਾਹ ਬਣਾ ਕੇ ਚੁੱਪਚਾਪ ਉਸ ਦੇ ਸਾਹਮਣੇ ਰੱਖ ਦਿੰਦਾ ਅਤੇ ਖ਼ਾਮੋਸ਼ ਨਜ਼ਰਾਂ ਨਾਲ਼ ਉਸਨੂੰ ਤਕਦਾ ਰਹਿੰਦਾ। ਪਰੰਤੂ ਅੰਮ੍ਰਿਤਾ ਅੰਤ ਤੱਕ ਇਮਰੋਜ਼ ਦੇ ਪਿਆਰ ਦੀਆਂ ਭਾਵਨਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਸਾਹਿਰ ਨੂੰ ਭੁੱਲ ਨਹੀਂ ਸਕੀ। 

ਇਮਰੋਜ਼ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਅੰਮ੍ਰਿਤਾ ਦੀਆਂ ਉਂਗਲਾਂ ਹਮੇਸ਼ਾ ਕੁੱਝ ਨਾ ਕੁੱਝ ਲਿਖਦੀਆਂ ਰਹਿੰਦੀਆਂ ਸਨ। ਚਾਹੇ ਉਸਦੇ ਹੱਥ ਵਿੱਚ ਕਲਮ ਹੋਵੇ ਜਾ ਨਾ ਉਹ ਲਿਖਦੀ ਰਹਿੰਦੀ  ਮੇਰੇ ਪਿੱਛੇ ਬੈਠ ਕੇ ਉਹ ਮੇਰੀ ਪਿੱਠ 'ਤੇ ਕਈ ਵਾਰ ਆਪਣੀਆਂ ਉਂਗਲਾਂ ਨਾਲ ਸਾਹਿਰ ਦਾ ਨਾਂ ਲਿਖਦੀ। ਪਰ ਇਸ ਨਾਲ਼ ਕੀ ਫਰਕ ਪੈਂਦਾ ਹੈ? ਜੇ ਉਹ ਉਨ੍ਹਾਂ ਨੂੰ ਚਾਹੁੰਦੀ ਹੈ, ਤਾਂ ਮੈਂ ਉਸਨੂੰ ਚਾਹੁੰਦਾਂ ਹਾਂ। ਕਿ ਇਸ ਮੁਹੱਬਤ ਵਿੱਚ ਮੈਨੂੰ ਸਾਹਿਰ ਵੀ ਕਬੂਲ ਹੈ"

ਛੋਟੀ ਉਮਰ ਵਿੱਚ ਮਾਂ ਦੀ ਮੌਤ ਹੋਵੇ ਜਾਂ ਉਹ ਵਿਆਹ ਜਿਸ ਵਿੱਚ ਉਹ ਸਾਲਾਂ ਬੱਧੀ ਦਮ ਘੁੱਟ ਰਹੀ ਸੀ ਜਾਂ ਸਾਹਿਰ ਨੂੰ ਨਾ ਮਿਲਣ ਦਾ ਦਰਦ ਜਾਂ ਇਮਰੋਜ਼ ਨੂੰ ਹਾਂ ਨਾ ਕਹਿਣ ਦਾ ਦਰਦ, ਅੰਮ੍ਰਿਤਾ ਦੀ ਜ਼ਿੰਦਗੀ ਦਾ ਦੁੱਖਾਂ ਨਾਲ਼ ਖ਼ਾਸ ਸਬੰਧ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸਨੇ ਜੋ ਵੀ ਲਿਖਿਆ ਉਹ ਸਿੱਧਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਗਿਆ।

 

- PTC NEWS

Top News view more...

Latest News view more...