Ludhiana West By-Election : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਵੋਟਿੰਗ ਮੁਕੰਮਲ ,EVM 'ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ
Ludhiana West By-Election : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੀਰਵਾਰ (19 ਜੂਨ) ਨੂੰ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਉਮੀਦਵਾਰਾਂ ਦੀ ਕਿਸਮਤ EVM 'ਚ ਬੰਦ ਹੋ ਗਈ ਹੈ। 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਖਤਮ ਹੋਈ। ਵੋਟਿੰਗ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਾਮ 5 ਵਜੇ ਤੱਕ 49.07% ਵੋਟਿੰਗ ਹੋਈ, ਹਾਲਾਂਕਿ ਅੰਤਿਮ ਅੰਕੜੇ ਅਜੇ ਆਉਣੇ ਬਾਕੀ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਸਮਾਂ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋਈ ਹੈ। ਆਮ ਆਦਮੀ ਪਾਰਟੀ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ। ਇਸ ਬਾਰੇ ਚਰਚਾ ਹੈ ਕਿ ਜੇਕਰ ਉਹ ਇੱਥੋਂ ਜਿੱਤ ਜਾਂਦੇ ਹਨ ਤਾਂ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਜਾ ਸਕਦੇ ਹਨ।
ਇਸ ਦੇ ਨਾਲ ਹੀ ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਟਿਕਟ ਦਿੱਤੀ ਹੈ। ਘੁੰਮਣ ਉਹੀ ਵਕੀਲ ਹਨ ,ਜਿਨ੍ਹਾਂ ਨੇ ਦਿਲਰੋਜ਼ ਕਤਲ ਕੇਸ ਦੇ ਮੁਲਜ਼ਮਾਂ ਨੂੰ ਫਾਂਸੀ ਦਿਵਾਈ ਸੀ। ਇਸ ਦੇ ਨਾਲ ਹੀ ਭਾਜਪਾ ਨੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ।
- PTC NEWS