ਮਹਾਰਾਸ਼ਟਰ ਸਰਕਾਰ ਨੇ ਪਲਟਿਆ ਫ਼ੈਸਲਾ; ਸਿੱਖ ਚਿਹਰੇ ਦੀ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਵਜੋਂ ਕੀਤੀ ਨਿਯੁਕਤੀ
ਨਾਂਦੇੜ: ਮਹਾਰਾਸ਼ਟਰ ਵਿੱਚ ਸੂਬਾ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ ਦਬਾਅ ਹੇਠ ਮਹਾਰਾਸ਼ਟਰ ਸਰਕਾਰ ਨੇ ਸੇਵਾਮੁਕਤ ਸਿੱਖ ਆਈ.ਏ.ਐੱਸ ਅਧਿਕਾਰੀ ਡਾ: ਵਿਜੈ ਸਤਬੀਰ ਸਿੰਘ ਨੂੰ ਤਖ਼ਤ ਸੱਚਖੰਡ ਬੋਰਡ ਦਾ ਨਵਾਂ ਪ੍ਰਬੰਧਕ ਨਿਯੁਕਤ ਕਰ ਲਿਆ ਹੈ।
ਇਹ ਵੀ ਪੜ੍ਹੋ: ਨਾਂਦੇੜ ਸਾਹਿਬ ਦੇ ਉਸ ਪ੍ਰਸ਼ਾਸਕ ਬਾਰੇ ਜਾਣੋ ਜਿਸਨੇ ਗੁਰਦੁਆਰੇ ਦੀ ਸਾਲਾਨਾ ਆਮਦਨ 'ਚ ਕੀਤਾ 27 ਕਰੋੜ ਦਾ ਵਾਧਾ
ਅਕਾਲੀ ਦਲ ਪ੍ਰਧਾਨ ਵੱਲੋਂ ਜਤਾਇਆ ਗਿਆ ਵਿਰੋਧ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਸਿੱਖ ਨੂੰ ਸਿੱਖਾਂ ਦੇ ਪੰਜਵੇ ਤਖ਼ਤ ਦੇ ਪ੍ਰਬੰਧਕ ਨਿਯੁਕਤ ਕਰਨ ਦਾ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦਾ ਗੈਰ ਸਿੱਖ ਪ੍ਰਸ਼ਾਸਕ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਸੀ ਤੇ ਇਸਨੂੰ ਵੱਖਰੀ ਸਿੱਖ ਪਛਾਣ ’ਤੇ ਖਤਰਨਾਕ ਸਿਧਾਂਤਕ ਹਮਲਾ ਕਰਾਰ ਦਿੱਤਾ ਸੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਮਲੇ ਤੇ ਇਸਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਦੇਣ ਦੀ ਨਿਰੰਤਰ ਕੋਸ਼ਿਸ਼ ਕਰਾਰਿਆ ਸੀ।
ਇਹ ਵੀ ਪੜ੍ਹੋ: ਮੁੜ ਉੱਠੀ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮੰਗ; ਇਨ੍ਹਾਂ ਕਾਰਨਾਂ ਕਰ ਕੇ ਹੋਈ ਜਾਰੀ ਹਵਾਈ ਸੇਵਾ ਠੱਪ
SGPC ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਐੱਸ.ਜੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਸੀ ਕਿ ਉਨ੍ਹਾਂ ਦੀ ਸੰਸਥਾ ਵਿੱਚ ਇੱਕ ਗੈਰ-ਸਿੱਖ ਅਧਿਕਾਰੀ ਅਭਿਜੀਤ ਰਜਿੰਦਰ ਰਾਊਤ ਨੂੰ ਪ੍ਰਬੰਧਕ ਨਿਯੁਕਤ ਕਰਨਾ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਸਿੱਖ ਮਰਿਆਦਾ ਦੇ ਵੀ ਖ਼ਿਲਾਫ਼ ਹੈ। ਜਿਸ ਵਿਅਕਤੀ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ ਅਤੇ ਉੱਪਰੋਂ ਵਾਲ ਨਾ ਰੱਖਣ ਕਾਰਨ ਨਿਘਾਰ ਹੈ, ਉਸ ਨੂੰ ਸੰਸਥਾ ਦਾ ਪ੍ਰਬੰਧਕ ਕਿਵੇਂ ਬਣਾਇਆ ਜਾ ਸਕਦਾ ਹੈ।
ਐੱਸ.ਜੀ.ਪੀ.ਸੀ ਪ੍ਰਧਾਨ ਨੇ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਗੁਰਦੁਆਰਾ ਬੋਰਡ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਨੂੰ ਨਿਯੁਕਤ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਹ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਤਖ਼ਤ ਸਾਹਿਬ ਦੇ ਬੋਰਡ ਦਾ ਪ੍ਰਬੰਧਕ ਗੈਰ-ਸਿੱਖ ਹੋਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਅਧਿਕਾਰ ਅਧੀਨ ਸਰਕਾਰੀ ਅਦਾਰਿਆਂ ਰਾਹੀਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ
ਮਹਾਰਾਸ਼ਟਰ ਸਰਕਾਰ ਨੇ ਤਬਦੀਲ ਕੀਤਾ ਆਪਣਾ ਫੈਸਲਾ
ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਨਾਂਦੇੜ ਦੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਇਹ ਕਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਸੋਮਵਾਰ ਨੂੰ ਬੋਰਡ ਦੇ ਪ੍ਰਬੰਧਕ ਵਜੋਂ ਗੈਰ-ਸਿੱਖ ਦੀ ਨਿਯੁਕਤੀ 'ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਲਿਆ ਗਿਆ ਹੈ।
- PTC NEWS