Bathinda : ਬਠਿੰਡਾ 'ਚ ਰੂਹ ਕੰਬਾਊ ਹਾਦਸਾ, ਰੋਡ ਰੋਲਰ ਹੇਠ ਕੁਚਲੇ ਸਕੂਟਰੀ ਸਵਾਰ ਪਿਓ-ਧੀ, ਬੱਚੀ ਦੀ ਹਾਲਤ ਗੰਭੀਰ
Bathinda Road Roller : ਬਠਿੰਡਾ 'ਚ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਕ ਸਕੂਟਰੀ ਸਵਾਰ ਪਿਓ-ਧੀ ਅਚਾਨਕ ਰੋਲ ਰੋਲਰ ਹੇਠ ਕੁਚਲੇ ਗਏ ਹਨ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੀ ਹਾਲਤ ਸਿਵਲ ਹਸਪਤਾਲ 'ਚ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ, ਗਣੇਸ਼ਾ ਬਸਤੀ ਗਲੀ ਨੰਬਰ 9 ਵਿੱਚ ਇੱਕ ਵਿਅਕਤੀ ਸਾਈਡ ਤੋਂ ਸਕੂਟਰੀ 'ਤੇ ਜਾਣ ਲੱਗਾ ਪਰ ਘਰ ਦੇ ਬਾਹਰ ਰੈਂਪ 'ਤੇ ਕੁਝ ਬੱਜਰੀ ਖਿੱਲਰੀ ਹੋਣ ਕਾਰਨ ਸਕੂਟਰੀ ਉਥੋਂ ਅਚਾਨਕ ਫਿਸਲ ਗਿਆ ਅਤੇ ਸਕੂਟਰੀ ਚਾਲਕ ਤੇ ਉਸਦੀ ਧੀ ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ। ਇਸ ਦੌਰਾਨ ਹੀ ਗਲੀ ਵਿੱਚ ਸੜਕ ਬਣਾਉਂਦੇ ਸਮੇਂ ਪਿੱਛੇ ਵੱਲ ਆ ਰਿਹਾ ਇੱਕ ਰੋਡ ਰੋਲਰ ਪਿਓ-ਧੀ ਦੇ ਉੱਪਰੋਂ ਲੰਘ ਗਿਆ।
ਨਤੀਜੇ ਵੱਜੋਂ, ਸਕੂਟਰੀ ਚਾਲਕ ਦਾ ਸਿਰ ਰੋਲਰ ਹੇਠ ਕੁਚਲਿਆ ਗਿਆ, ਜਿਸ ਕਾਰਨ ਉਸਦੀ ਦੁਖਦਾਈ ਮੌਤ ਹੋ ਗਈ। ਹਾਦਸੇ 'ਚ ਵਿਅਕਤੀ ਦੀ ਧੀ ਗੰਭੀਰ ਜ਼ਖਮੀ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ। ਸੰਸਥਾ ਦੀ ਇੱਕ ਟੀਮ ਨੇ ਪਹਿਲਾਂ ਜ਼ਖਮੀ ਬੱਚੀ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਸਥਾ ਦੀ ਟੀਮ ਨੇ ਉਸਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਵਿਸ਼ਾਲ ਗੁਪਤਾ ਪੁੱਤਰ ਰਾਜਕੁਮਾਰ, ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ ਅਤੇ ਜ਼ਖਮੀ ਬੱਚੀ ਦੀ ਪਛਾਣ ਮੰਨਤ (9 ਸਾਲ) ਵਜੋਂ ਹੋਈ ਹੈ, ਜੋ ਕਿ ਵਿਸ਼ਾਲ ਗੁਪਤਾ ਦੀ ਧੀ ਹੈ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਢਲੇ ਇਲਾਜ ਤੋਂ ਬਾਅਦ, ਸੰਸਥਾ ਦੀ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
- PTC NEWS