Mon, Apr 29, 2024
Whatsapp

ਵਾਤਾਵਰਣ ਲਈ ਪਹਿਲਕਦਮੀ : ਅਸਲਾ ਲਾਇਸੰਸ ਬਣਵਾਉਣ/ਨਵਿਆਉਣ ਲਈ 5 ਰੁੱਖ ਲਗਾਉਣੇ ਲਾਜ਼ਮੀ

Written by  Ravinder Singh -- December 11th 2022 05:14 PM
ਵਾਤਾਵਰਣ ਲਈ ਪਹਿਲਕਦਮੀ : ਅਸਲਾ ਲਾਇਸੰਸ ਬਣਵਾਉਣ/ਨਵਿਆਉਣ ਲਈ 5 ਰੁੱਖ ਲਗਾਉਣੇ ਲਾਜ਼ਮੀ

ਵਾਤਾਵਰਣ ਲਈ ਪਹਿਲਕਦਮੀ : ਅਸਲਾ ਲਾਇਸੰਸ ਬਣਵਾਉਣ/ਨਵਿਆਉਣ ਲਈ 5 ਰੁੱਖ ਲਗਾਉਣੇ ਲਾਜ਼ਮੀ

ਬਠਿੰਡਾ : ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਜੰਗਲਾਂ ਹੇਠ ਘੱਟਦੇ ਰਕਬੇ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ ਨੇ ਅਸਲਾ ਲਾਇਸੰਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ। ਇਸ ਸਬੰਧੀ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਡਵੀਜ਼ਨ ਅਧੀਨ ਪੈਂਦੇ ਡਿਪਟੀ ਕਮਿਸ਼ਨਰ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੰਸ ਬਣਵਾਉਣ ਜਾ ਫੇਰ ਪੁਰਾਣੇ ਲਾਇਸੰਸ ਨੂੰ ਨਵਿਆਉਣ ਚਾਹੁੰਦਾ ਹੈ ਤਾਂ ਉਸ ਲਈ 5 ਰੁੱਖ ਲਗਾਉਣੇ ਲਾਜ਼ਮੀ ਕੀਤੇ ਜਾਣ।



ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ ਉਤੇ ਕਿਹਾ ਹੈ ਕਿ ਲਾਇਸੰਸ ਦੀ ਫਾਈਲ ਜਮ੍ਹਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖ਼ਾਸਤ ਪੁਲਿਸ ਵੈਰੀਫਿਕੇਸ਼ਨ ਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਰੁੱਖ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ।  ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ  ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।

ਇਹ ਵੀ ਪੜ੍ਹੋ : ਹੁਣ ਫ਼ਰਜ਼ੀ ਗ੍ਰਾਮ ਸਭਾ ਇਜਲਾਸ ਕਰਵਾਉਣ ਵਾਲੇ ਸਰਪੰਚਾਂ ਦੀ ਖੈਰ ਨਹੀਂ

ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਰੱਖ ਜਨਤਕ ਸਥਾਨਾਂ, ਸਿੱਖਿਆ ਸੰਸਥਾਵਾਂ, ਧਾਰਮਿਕ ਅਸਥਾਨਾਂ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ, ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸ ਤਰ੍ਹਾਂ ਅਸੀ ਰੁੱਖਾਂ ਹੇਠ ਰਕਬੇ ਨੂੰ ਵਧਾ ਸਕਾਂਗੇ। ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ 'ਚ ਆਮਲਾ, ਨੀਮ, ਬਬੂਲ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ ਨੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਪਣੇ ਕਾਰਜਕਾਲ ਦੌਰਾਨ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਵਾਤਾਵਰਣ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਸੀ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਗਈ ਸੀ।

- PTC NEWS

Top News view more...

Latest News view more...