Sun, Apr 28, 2024
Whatsapp

ਮਨਜੀਤ ਸਿੰਘ ਜੀਕੇ ਮੁੜ ਹੋਏ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਸਿੰਘ ਬਾਦਲ ਨੇ ਕਰਵਾਈ ਘਰ ਵਾਪਸੀ

Written by  KRISHAN KUMAR SHARMA -- December 25th 2023 01:50 PM
ਮਨਜੀਤ ਸਿੰਘ ਜੀਕੇ ਮੁੜ ਹੋਏ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਸਿੰਘ ਬਾਦਲ ਨੇ ਕਰਵਾਈ ਘਰ ਵਾਪਸੀ

ਮਨਜੀਤ ਸਿੰਘ ਜੀਕੇ ਮੁੜ ਹੋਏ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਸਿੰਘ ਬਾਦਲ ਨੇ ਕਰਵਾਈ ਘਰ ਵਾਪਸੀ

ਦਿੱਲੀ: ਸੀਨੀਅਰ ਆਗੂ ਮਨਜੀਤ ਸਿੰਘ ਜੀ.ਕੇ. ਨੇ ਸੋਮਵਾਰ ਮੁੜ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ। ਜੀਕੇ ਨੇ ਆਪਣੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵੇਂ ਦਾ ਬਿਨਾਂ ਸ਼ਰਤ ਐਲਾਨ ਕੀਤਾ। ਜੀ.ਕੇ. ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਦਿੱਲੀ ਰਿਹਾਇਸ਼ ਵਿਖੇ ਪਹੁੰਚ ਕੇ ਪਾਰਟੀ 'ਚ ਘਰ ਵਾਪਸੀ ਕਰਵਾਈ। ਇਸ ਮੌਕੇ ਉਨ੍ਹਾਂ ਸਮੇਤ ਦਿੱਲੀ ਕਮੇਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਦੱਸ ਦੇਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ।

 2


ਕਿਉਂ ਕੀਤੀ ਅਕਾਲੀ ਦਲ 'ਚ ਘਰ ਵਾਪਸੀ?
ਅਕਾਲੀ ਦਲ ਵਿੱਚ ਵਾਪਸੀ ਤੋਂ ਪਹਿਲਾਂ ਜੀਕੇ ਨੇ ਵਾਪਸੀ ਨੂੰ ਲੈ ਕੇ ਕਿਹਾ ਸੀ ਕਿ ਉਹ ਅੱਜ ਆਪਣੀ ਪਾਰਟੀ ਦਾ ਢਾਂਚਾ ਭੰਗ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਦੇਸ਼ ਭਰ ਵਿੱਚ ਹਲਾਤ ਅਜਿਹੇ ਬਣ ਚੁੱਕੇ ਹਨ ਕਿ ਸਮੇਂ ਦੀਆਂ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀਆਂ, ਜਿਸ ਦੇ ਮੱਦੇਨਜ਼ਰ ਸਾਰੀਆਂ ਪੰਥ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸ ਦੇ ਮੱਜੇਨਜ਼ਰ ਮੈਂ ਅਕਾਲੀ ਦਲ ਵਿੱਚ ਮੁੜ ਘਰ ਵਾਪਿਸ ਦਾ ਫੈਸਲਾ ਲਿਆ ਹੈ।

ਜੀਕੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸੱਦੇ ਦਾ ਉਹ ਸਵਾਗਤ ਕਰਦੇ ਹਨ। ਅੱਜ ਦੇਸ਼ ਵਿੱਚ ਬਣੇ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਧਿਰਾਂ ਇਕਜੁਟ ਹੋ ਗਈਆਂ ਹਨ, ਜਿਸ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥ ਦੇ ਸਾਰੇ ਮਸਲੇ ਇਕੱਠੇ ਹੋ ਕੇ ਲੜੇ ਜਾਣਗੇ। 

ਅੱਜ ਪੰਥਕ ਧਿਰਾਂ ਨੂੰ ਇਕਜੁਟ ਹੋਣ ਦੀ ਲੋੜ: ਸੁਖਬੀਰ ਸਿੰਘ ਬਾਦਲ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸਿੱਖ ਕੌਮ ਅੱਗੇ ਕਈ ਚੁਨੌਤੀਆਂ ਹਨ, ਜਿਸ ਲਈ ਸਮੂਹ ਪੰਥਕ ਧਿਰਾਂ ਨੂੰ ਇਕਜੁਟ ਹੋਣ ਦੀ ਲੋੜ ਹੈ ਅਤੇ ਸਾਰਿਆਂ ਨੂੰ ਇਕਜੁਟ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਅੱਜ ਫਿਰ ਉਹ ਮਾਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਥਕ ਧਿਰਾਂ ਨੂੰ ਇਕਜੁਟ ਹੋਣ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ, ਜਿਨ੍ਹਾਂ ਦਾ ਅਜੇ ਮਨ ਨਹੀਂ ਬਣਿਆ ਉਨ੍ਹਾਂ ਨੂੰ ਵੀ ਨਾਲ ਆਉਣ ਦੀ ਅਪੀਲ ਕੀਤੀ ਹੈ।

akali 1

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1984 ਨੂੰ ਅੱਜ 40 ਸਾਲ ਹੋ ਜਾਣਗੇ। ਸਿੱਖ ਕੌਮ ਭਾਵੇਂ ਆਬਾਦੀ ਦੇ ਹਿਸਾਬ ਨਾਲ ਛੋਟੀ ਹੈ, ਪਰ ਜਿਥੇ ਵੀ ਸਿੱਖ ਹਨ, ਉਥੇ ਹੀ ਆਪਣਾ ਨਾਂਅ ਕਮਾ ਰਹੇ ਹਨ ਅਤੇ ਸਿੱਖ ਕੌਮ ਦਾ ਨਾਂ ਉਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹੀ ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਸੇਵਾ ਕੀਤੀ, ਜਦੋਂ ਕੋਰੋਨਾ ਦੇ ਸਮੇਂ ਸਰਕਾਰਾਂ ਵੀ ਡਰ ਗਈਆਂ ਸਨ, ਤਾਂ ਇਹ ਸਿੱਖ ਕੌਮ ਹੀ ਸੀ, ਜਿਸ ਨੇ ਸੇਵਾ ਦਾ ਕੰਮ ਸੰਭਾਲਿਆ ਅਤੇ ਪੀੜਤ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਾਰੇ ਸਿੱਖਾਂ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ, ਜਿਸ ਅਧੀਨ ਉਹ ਸੇਵਾ ਕਰਦੇ ਹਨ।

ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਮਨਜੀਤ ਸਿੰਘ ਜੀ.ਕੇ ਨੂੰ ਭ੍ਰਿਸ਼ਟਾਚਾਰ ਦੇ ਸੰਗੀਨ ਇਲਜ਼ਾਮਾਂ 'ਚ ਘਿਰੇ ਹੋਣ ਦੇ ਚਲਦੇ ਅਕਾਲੀ ਦਲ ਨੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਸੀ, ਜਿਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।  ਉਪਰੰਤ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਾਂ 'ਜਾਗੋ' ਰੱਖਿਆ ਸੀ।

-

Top News view more...

Latest News view more...