Mankirat Aulakh : ਰਾਜਨੀਤੀ 'ਚ ਆਉਣਗੇ ਮਨਕਿਰਤ ਔਲਖ ? ਜਾਣੋ ਪੰਜਾਬੀ ਗਾਇਕ ਦੇ ਮੂੰਹੋਂ ਉਸ ਦਾ ਕੀ ਹੈ ਜਵਾਬ
Mankirat Aulakh in Politics : ਪੰਜਾਬ 'ਚ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਨਾਲ ਲਗਾਤਾਰ ਲੋਕਾਂ ਵਿੱਚ ਚਰਚਾਵਾਂ ਦਾ ਕੇਂਦਰ ਬਣ ਰਹੇ ਪੰਜਾਬੀ ਗਾਇਕ ਮਨਕਿਰਤ ਔਲਖ ਨੇ ਰਾਜਨੀਤੀ 'ਚ ਪੈਰ ਰੱਖਣ ਨੂੰ ਲੈ ਕੇ ਚੁੱਪੀ ਤੋੜਦਿਆਂ ਸਪੱਸ਼ਟ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਮੈਂ ਆਪਣੀ ਕਲਾਕਾਰੀ ਲਾਈਨ ਤੋਂ ਖੁਸ਼ ਹਾਂ ਅਤੇ ਵਧੀਆ ਚੱਲ ਰਿਹਾ ਹੈ, ਤੇ ਮੈਨੂੰ ਆਪਣਾ ਕੰਮ (ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ) ਕਰ ਲੈਣ ਦਿਓ।
ਦੱਸ ਦਈਏ ਕਿ ਇਸਤੋਂ ਪਹਿਲਾਂ ਪੰਜਾਬੀ ਗਾਇਕ ਨੇ ਆਪਣੇ ਜਨਮ ਦਿਨ 'ਤੇ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚ ਕੇ ਅਰਦਾਸ ਕੀਤੀ ਅਤੇ ਸਰਹਾਲੀ ਵਾਲੇ ਸੰਤਾਂ ਨੂੰ 10 ਟਰੈਕਟਰ ਸੌਂਪੇ ਸਨ। ਪੰਜਾਬ ਦੇ ਹੜ੍ਹ ਪ੍ਰਭਾਵਤਾਂ ਲਈ ਮਨਕਿਰਤ ਔਲਖ ਵੱਲੋਂ ਕੁੱਲ 100 ਟਰੈਕਟਰਾਂ ਦਾ ਵਾਅਦਾ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਅੱਜ ਕੁੱਲ 21 ਟਰੈਕਟਰ ਸੌਂਪੇ ਗਏ ਹਨ। ਜਦਕਿ ਇਸਤੋਂ ਪਹਿਲਾਂ 20 ਟਰੈਕਟਰ ਦੀ ਸੇਵਾ ਕੀਤੀ ਗਈ ਸੀ।
ਸਿਆਸਤ 'ਚ ਆਉਣ ਬਾਰੇ ਕੀ ਬੋਲੇ ਮਨਕਿਰਤ
ਪੰਜਾਬ ਦੀ ਸਿਆਸਤ 'ਚ ਲਗਾਤਾਰ ਮਨਕਿਰਤ ਔਲਖ ਦੇ ਰਾਜਨੀਤੀ 'ਚ ਆਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੁੰਦਾ ਆ ਰਿਹਾ ਸੀ, ਜਿਸ ਨੂੰ ਅੱਜ ਉਨ੍ਹਾਂ ਨੇ ਰੋਕ ਦਿੱਤਾ ਹੈ। ਅੱਜ ਪੀਟੀਸੀ ਨਿਊਜ਼ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਦੌਰਾਨ ਉਨ੍ਹਾਂ ਇਸ ਮੁੱਦੇ 'ਤੇ ਕਿਹਾ, ''ਜ਼ਿੰਦਗੀ 'ਚ ਨਹੀਂ, ਅਜੇ ਤਾਂ ਮੈਂ ਆਪਣੀ ਕਲਾਕਾਰੀ ਲਾਈਨ ਵਿੱਚ ਵਧੀਆ ਚੱਲ ਰਿਹਾ ਹਾਂ। ਮੈਨੂੰ ਆਪਣਾ ਕੰਮ ਕਰ ਲੈਣ ਦਿਓ। ਮੈਂ ਰਾਜਨੀਤੀ ਤੋਂ ਕੀ ਲੈਣਾ ਹੈ।''
ਦੱਸ ਦਈਏ ਕਿ ਪੰਜਾਬੀ ਗਾਇਕ ਬਾਰੇ ਇਹ ਚਰਚਾਵਾਂ ਹੜ੍ਹ ਪੀੜਤਾਂ ਦੀ ਸੇਵਾ ਕਾਰਨ ਲਗਾਤਾਰ ਸੁਰਖੀਆਂ ਕਾਰਨ ਪੈਦਾ ਹੋਈ। ਇਸ ਦਾ ਕਾਰਨ ਉਨ੍ਹਾਂ ਦੀ ਟੀਮ ਵੱਲੋਂ ਜੋ ਟਰੈਕਟਰ ਵੰਡੇ ਜਾ ਰਹੇ ਹਨ, ਉਨ੍ਹਾਂ ਉਪਰ 'ਟੀਮ ਮਨਕਿਰਤ ਔਲਖ' ਲਿਖੇ ਜਾਣਾ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਸੀ।
- PTC NEWS