ਹੌਸਲੇ ਦੀ ਉਡਾਣ : ਬੱਕਰੀਆਂ ਚਾਰਨ ਵਾਲੇ ਨੇ UGC NET ਦੀ ਪ੍ਰੀਖਿਆ ਕੀਤੀ ਪਾਸ, ਜਾਣੋ ਕੀ ਹੈ ਸੁਪਨਾ
UGC NET Success Story : ਕਹਿੰਦੇ ਹਨ ਕਿ ਜਿਸ ਵਿੱਚ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ, ਉਸ ਦੀ ਰਾਹ ਵਿੱਚ ਕੋਈ ਅੜਿੱਕਾ ਨਹੀਂ ਆ ਸਕਦਾ। ਇਸ ਦੀ ਤਾਜ਼ਾ ਉਦਾਹਰਨ ਮਾਨਸਾ ਦੇ ਕਸਬਾ ਬੋਹਾ ਤੋਂ ਸਾਹਮਣੇ ਆਈ ਹੈ, ਜਿਥੋਂ ਦਾ ਇੱਕ ਬੱਕਰੀਆਂ ਚਾਰਨ ਵਾਲੇ ਨੌਜਵਾਨ ਨੇ ਯੂਜੀਸੀ ਨੈਟ (ਇੰਗਲਿਸ਼) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਅਧਿਆਪਕ ਬਣਨ ਦਾ ਹੈ ਸੁਪਨਾ
ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਨੌਜਵਾਨ ਕੋਮਲਦੀਪ ਸਿੰਘ (Komaldeep Singh Success Story) ਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕਰਕੇ ਆਪਣੀ ਮਜ਼ਦੂਰ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਇੱਕ ਅਧਿਆਪਕ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੇ ਬੀਐਡ ਕਰਕੇ ਅਧਿਆਪਕ ਯੋਗਤਾ ਦਾ ਟੈਸਟ ਵੀ ਪਾਸ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਯੂਜੀਸੀ ਨੈਟ ਕਲੀਅਰ ਕਰਨ ਦਾ ਸੁਪਨਾ ਬਿਨਾਂ ਕਿਸੇ ਕੋਚਿੰਗ ਤੋਂ ਸੈਲਫ ਸਟਡੀ ਕਰਕੇ ਯੂਜੀਸੀ ਨੈਟ ਵੀ ਪਾਸ ਕਰ ਲਿਆ।
ਬੱਕਰੀਆਂ ਚਾਰਨ ਦੇ ਨਾਲ ਖੇਤਾਂ 'ਚ ਕਰਦਾ ਸੀ ਪੜ੍ਹਾਈ
ਕੋਮਲਦੀਪ ਨੇ ਦੱਸਿਆ ਕਿ ਉਹ ਕਾਲਜ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਘਰ ਆ ਕੇ ਘਰ ਦੇ ਵਿੱਚ ਬੱਕਰੀਆਂ ਨੂੰ ਚਾਰਨ ਦੇ ਲਈ ਖੇਤਾਂ ਦੇ ਵਿੱਚ ਲੈ ਜਾਂਦਾ ਅਤੇ ਖੁਦ ਪੜ੍ਹਾਈ ਵੀ ਕਰਦਾ ਰਹਿੰਦਾ ਸੀ। ਇਸ ਦੌਰਾਨ ਉਸ ਦਾ ਇੱਕ ਹੀ ਸੁਪਨਾ ਸੀ ਕਿ ਆਪਣੇ ਮਜ਼ਦੂਰ ਮਾਪਿਆਂ ਦੇ ਸਿਰ ਤੋਂ ਮਜ਼ਦੂਰੀ ਦਾ ਬੋਝ ਉਤਾਰਨਾ ਹੈ ਅਤੇ ਖੁਦ ਇੱਕ ਅਧਿਆਪਕ ਬਣ ਕੇ ਆਪਣੇ ਮਾਪਿਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ ਸੀ। ਉਸ ਨੇ ਕਿਹਾ ਕਿ ਜਦੋਂ ਯੂਜੀਸੀ ਨੈਟ ਦਾ ਰਿਜਲਟ ਆਇਆ ਤਾਂ ਸ਼ਾਮ ਦੇ ਸਮੇਂ ਪਰਿਵਾਰ ਖਾਣਾ ਖਾ ਰਿਹਾ ਸੀ ਪਰ ਜਦੋਂ ਨਤੀਜਾ ਪਾਸ ਦਾ ਦੇਖਿਆ ਤਾਂ ਸਭ ਨੇ ਖਾਣਾ ਛੱਡ ਦਿੱਤਾ ਤੇ ਖੁਸ਼ੀ ਇਨੀ ਹੋਈ ਕਿ ਕੋਈ ਟਿਕਾਣਾ ਨਹੀਂ ਰਿਹਾ।
- PTC NEWS