Birds Arrive At Harike Wetland : ਹਰੀਕੇ ਝੀਲ 'ਚ ਪ੍ਰਵਾਸੀ ਪੰਛੀਆਂ ਨੇ ਦਿੱਤੀ ਦਸਤਕ, ਸੈਲਾਨੀ ਹੋਏ ਖੁਸ਼
Birds Arrive At Harike Wetland : ਹਰੀਕੇ ਝੀਲ 'ਚ ਪ੍ਰਵਾਸੀ ਪੰਛੀਆਂ ਨੇ ਦਸਤਕ ਦੇ ਦਿੱਤੀ ਹੈ। ਮੌਸਮ ਦੇ ਬਦਲਦੇ ਹੀ ਝੀਲ 'ਤੇ ਰੰਗ-ਬਿਰੰਗੇ ਇਨ੍ਹਾਂ ਪੰਛੀਆਂ ਦੀ ਚਹਿਚਹਾਟ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪ੍ਰਵਾਸੀ ਪੰਛੀ ਯੂਰਪ ਦੇਸ਼ਾਂ 'ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚਦੇ ਹਨ। ਇਹ ਪੰਛੀ ਨਵੰਬਰ ਤੋਂ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਹਨ ਤੇ ਮਾਰਚ ਮਹੀਨੇ ਵਾਪਸ ਆਪਣੇ ਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨ।
ਵੱਖ-ਵੱਖ ਨਸਲਾਂ ਦੇ ਪੰਛੀ
ਇਸ ਸਮੇਂ ਹਰੀਕੇ ਝੀਲ ਦੇ ਵੱਖ-ਵੱਖ ਖੇਤਰਾਂ 'ਚ ਹਜ਼ਾਰਾਂ ਪੰਛੀ ਇੱਥੇ ਪਹੁੰਚ ਗਏ ਹਨ। ਜਿਨ੍ਹਾਂ ਵਿਚ ਸਾਈਬੇਰੀਅਨ ਗਲਜ਼, ਰੂਡੀ ਸ਼ੈਲਡੱਕ, ਸ਼ਾਵਲਰ, ਕੋਮਨ ਪੋਚਡ, ਕੂਟ, ਸੈਂਡ ਪਾਈਪਰ, ਕੋਮਨ ਸ਼ੈਲਡੱਕ, ਗ੍ਰੇ-ਲੈਗ-ਗੀਜ਼, ਸਪੂਨ ਬਿਲਜ਼, ਪੇਂਟਿਡ ਸਟੋਰਕ, ਆਦਿ ਕਈ ਕਿਸਮਾਂ ਦੇ ਪੰਛੀ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਹਨ।
ਸਭ ਤੋਂ ਵੱਧ ਪ੍ਰਵਾਸੀ ਪੰਛੀ ਹਰੀਕੇ ਵੈੱਟਲੈਂਡ 'ਤੇ
ਪੰਜਾਬ ਦੀਆਂ ਵੈੱਟਲੈਂਡਾਂ 'ਚੋਂ ਸਭ ਤੋਂ ਵੱਧ ਪ੍ਰਵਾਸੀ ਪੰਛੀ ਹਰੀਕੇ ਵੈੱਟਲੈਂਡ 'ਤੇ ਹੀ ਪਹੁੰਚਦੇ ਹਨ ਅਤੇ 300 ਕਿਸਮਾਂ ਦੇ ਪ੍ਰਵਾਸੀ ਪੰਛੀ ਹਰੀਕੇ ਝੀਲ 'ਤੇ ਪਾਏ ਜਾਂਦੇ ਹਨ, ਜਦਕਿ ਦੇਸੀ ਅਤੇ ਵਿਦੇਸ਼ੀ ਪੰਛੀਆਂ ਦੀਆਂ ਕੁਲ 360 ਦੇ ਕਰੀਬ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ।
ਸਰਕਾਰ ਕੋਲੋਂ ਪੁਖਤਾ ਪ੍ਰਬੰਧ ਕਰਨ ਦੀ ਮੰਗ
ਇਸ ਮੌਕੇ ਸਲਾਨੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਛੀਆਂ ਦੀ ਆਮਦ ਨਾਲ ਇਸ ਝੀਲ ਦੀ ਹੋਰ ਸੁੰਦਰਤਾ ਵਧ ਜਾਂਦੀ ਹੈ ਪਰ ਪ੍ਰਸ਼ਾਸਨ ਵੱਲੋਂ ਇੱਥੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਜਿਵੇਂ ਕਿ ਬੋਟ ਵਗੈਰਾ ਅਤੇ ਹੋਰ ਵੀ ਕੋਈ ਸੈਰਗਾਹ ਬਣਨੀ ਚਾਹੀਦੀ ਹੈ ਜਿਸ ਨਾਲ ਸੈਲਾਨੀਆਂ ਦੇ ਵਿੱਚ ਵਾਧਾ ਹੋ ਸਕੇ।
- PTC NEWS