Mohali 'ਚ ਬਿਲਡਰਾਂ ਵੱਲੋਂ RERA ਨਿਯਮਾਂ ਦੀ ਉਲੰਘਣਾ , PTC News ਦੇ ਸਟਿੰਗ ਨੇ ਪਲਾਟਾਂ ਦੀ ਕਥਿਤ ਗੈਰਕਾਨੂੰਨੀ ਵਿਕਰੀ ਦਾ ਕੀਤਾ ਪਰਦਾਫਾਸ਼
Mohali Builders Selling Flats : ਮੋਹਾਲੀ ਦੇ ਰੀਅਲ ਐਸਟੇਟ ਸੈਕਟਰ ਵਿੱਚ ਵੱਡੀਆਂ ਖਾਮੀਆਂ ਸਾਹਮਣੇ ਆਈਆਂ ਹਨ। ਪੀਟੀਸੀ ਨਿਊਜ਼ ਨੇ ਇਸ ਸਟਿੰਗ ਕੀਤਾ ਹੈ ,ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਮੋਹਾਲੀ ਦੇ ਕੁੱਝ ਬਿਲਡਰ ਬਿਨ੍ਹਾਂ (RERA) ਖੁਲ੍ਹੇਆਮ ਫਲੈਟ ਵੇਚ ਰਹੇ ਹਨ। ਸਬੂਤਾਂ ਦੇ ਆਧਾਰ ’ਤੇ ਸਾਹਮਣੇ ਆਇਆ ਹੈ ਕਿ ਕਈ ਬਿਲਡਰ Real Estate (Regulation and Development) Act, 2016 (RERA) ਅਧੀਨ ਲਾਜ਼ਮੀ ਮਨਜ਼ੂਰੀਆਂ ਲਏ ਬਿਨਾਂ ਹੀ ਪ੍ਰਾਜੈਕਟ ਲਾਂਚ ਕਰ ਰਹੇ ਹਨ, ਇਸ਼ਤਿਹਾਰ ਦੇ ਰਹੇ ਹਨ ਅਤੇ ਵਿਕਰੀ ਕਰ ਰਹੇ ਹਨ।
ਮੋਹਾਲੀ ਏਅਰਪੋਰਟ ਰੋਡ ’ਤੇ TDI ਦੇ ਨੇੜੇ ਸਥਿਤ “ਪ੍ਰਾਜੈਕਟ ਮੋਹਾਲੀ ਕ੍ਰਾਊਨ” ਨਾਂਅ ਹੇਠ KKJ Developers ਵੱਲੋਂ ਬਿਨਾਂ ਲਾਜ਼ਮੀ RERA ਰਜਿਸਟ੍ਰੇਸ਼ਨ ਅਤੇ ਕਾਨੂੰਨੀ ਮਨਜ਼ੂਰੀਆਂ ਦੇ ਪ੍ਰਾਜੈਕਟ ਦੀ ਮਾਰਕੀਟਿੰਗ ਅਤੇ ਵਿਕਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪੰਜਾਬ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (RERA), ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਕੋਲ ਇੱਕ ਆਧਿਕਾਰਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
RERA ਐਕਟ ਅਨੁਸਾਰ ਕਿਸੇ ਵੀ ਰੀਅਲ ਐਸਟੇਟ ਪ੍ਰਾਜੈਕਟ ਨੂੰ ਰਜਿਸਟਰ ਕੀਤੇ ਬਿਨਾਂ ਉਸ ਦੀ ਇਸ਼ਤਿਹਾਰਬਾਜ਼ੀ, ਮਾਰਕੀਟਿੰਗ ਜਾਂ ਵਿਕਰੀ ਕਰਨਾ ਗੈਰਕਾਨੂੰਨੀ ਹੈ। ਨਿਯਮਕ ਮਨਜ਼ੂਰੀਆਂ ਦੀ ਗੈਰਹਾਜ਼ਰੀ ਦੇ ਬਾਵਜੂਦ ਬਿਲਡਰਾਂ ਵੱਲੋਂ ਖਰੀਦਦਾਰਾਂ ਤੋਂ ਅਡਵਾਂਸ ਰਕਮ ਇਕੱਠੀ ਕੀਤੀ ਗਈ, ਜਿਸ ਦੀ ਰਕਮ ਸੈਂਕੜੇ ਕਰੋੜ ਰੁਪਏ ਤੱਕ ਹੋਣ ਦਾ ਦਾਅਵਾ ਕੀਤਾ ਗਿਆ ਹੈ।
PTC News ਦੀ ਸਟਿੰਗ ਕਾਰਵਾਈ ਨਾਲ ਆਰੋਪ ਹੋਰ ਗੰਭੀਰ
ਇਨ੍ਹਾਂ ਆਰੋਪਾਂ ਨੂੰ ਹੋਰ ਮਜ਼ਬੂਤੀ PTC News ਦੀ ਸਟਿੰਗ ਕਾਰਵਾਈ ਨਾਲ ਮਿਲੀ ਹੈ। ਸਟਿੰਗ ਦੌਰਾਨ ਕਥਿਤ ਤੌਰ ’ਤੇ ਡਿਵੈਲਪਰ ਦੇ ਕਰਮਚਾਰੀ ਬਿਨਾਂ RERA ਰਜਿਸਟ੍ਰੇਸ਼ਨ ਵਾਲੇ ਪ੍ਰਾਜੈਕਟ ਦੇ ਪਲਾਟ ਵੇਚਦੇ ਅਤੇ ਮਨਜ਼ੂਰੀਆਂ ਹੋਣ ਦੇ ਦਾਅਵੇ ਕਰਦੇ ਹੋਏ ਕੈਮਰੇ ਵਿੱਚ ਕੈਦ ਹੋਏ।
ਸਟਿੰਗ ਫੁਟੇਜ ਵਿੱਚ ਸੇਲਜ਼ ਏਗਜ਼ੈਕਿਊਟਿਵਜ਼ ਨੂੰ ਸੰਭਾਵੀ ਖਰੀਦਦਾਰਾਂ ’ਤੇ ਅਡਵਾਂਸ ਭੁਗਤਾਨ ਲਈ ਦਬਾਅ ਬਣਾਉਂਦੇ ਅਤੇ ਪ੍ਰਾਜੈਕਟ ਦੀ ਸਥਿਤੀ ਬਾਰੇ ਗੁੰਮਰਾਹਕੁਨ ਜਾਣਕਾਰੀ ਦਿੰਦਿਆਂ ਵੇਖਿਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਖਰੀਦਦਾਰਾਂ ਨੂੰ ਫਸਾਉਣ ਲਈ ਝੂਠੀਆਂ ਗਾਰੰਟੀਆਂ, ਗੁੰਮਰਾਹਕੁਨ ਇਸ਼ਤਿਹਾਰ ਅਤੇ ਗੈਰ ਵਪਾਰਕ ਤਰੀਕੇ ਵਰਤੇ ਗਏ।
RERA ਐਕਟ ਦੀਆਂ ਕਥਿਤ ਉਲੰਘਣਾਵਾਂ
ਧਾਰਾ 3: RERA ਰਜਿਸਟ੍ਰੇਸ਼ਨ ਤੋਂ ਬਿਨਾਂ ਪ੍ਰਾਜੈਕਟ ਲਾਂਚ ਕਰਨਾ, ਇਸ਼ਤਿਹਾਰ ਦੇਣਾ ਅਤੇ ਵਿਕਰੀ
ਧਾਰਾ 4: ਲਾਜ਼ਮੀ ਖੁਲਾਸਿਆਂ ਅਤੇ ਮਨਜ਼ੂਰੀਆਂ ਵਿੱਚ ਅਸਫਲਤਾ
ਧਾਰਾ 12: ਗੁੰਮਰਾਹਕੁਨ ਇਸ਼ਤਿਹਾਰ ਅਤੇ ਝੂਠੇ ਦਾਅਵਿਆਂ ਕਾਰਨ ਖਰੀਦਦਾਰਾਂ ਨੂੰ ਨੁਕਸਾਨ
ਇੱਕ ਹੋਰ ਪ੍ਰਾਜੈਕਟ ਵੀ ਜਾਂਚ ਦੇ ਘੇਰੇ ਵਿੱਚ
ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿੱਚ Lumarc Group ਵੱਲੋਂ ਪ੍ਰਮੋਟ ਕੀਤਾ ਜਾ ਰਿਹਾ “ਮੋਹਾਲੀ ਕ੍ਰੈਸਟ” ਪ੍ਰਾਜੈਕਟ ਵੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਇਹ ਪ੍ਰਾਜੈਕਟ IT City ਦੇ ਨੇੜੇ ਲਾਂਡਰਾਂ–ਬਨੂੜ ਹਾਈਵੇ (ਭਾਰਤਮਾਲਾ ਰੋਡ) ’ਤੇ GMADA ਐਕਸਪ੍ਰੈਸ ਹਾਈਵੇ ਦੇ ਨਾਲ ਸਥਿਤ ਹੈ। ਉਪਲਬਧ ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਲਗਭਗ 6.25 ਏਕੜ ਵਿੱਚ ਬਣਿਆ ਹੋਇਆ ਹੈ ਅਤੇ ਇਸ ਵਿੱਚ S 35 ਮੰਜ਼ਿਲਾਂ ਦੀ ਯੋਜਨਾ ਹੈ। ਪ੍ਰਾਜੈਕਟ ਦੀ ਕਾਨੂੰਨੀ ਪਾਲਣਾ ਅਤੇ ਮਾਰਕੀਟਿੰਗ ਦੇ ਤਰੀਕੇ ’ਤੇ ਸਵਾਲ ਉਠਾਏ ਜਾ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਮੋਹਾਲੀ ਵਿੱਚ ਕਈ ਬਿਲਡਰ RERA ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਕੁਝ ਪ੍ਰਾਜੈਕਟਾਂ ਵਿੱਚ ਲਗਭਗ 60 ਫ਼ੀਸਦੀ ਯੂਨਿਟ ਬਿਨਾਂ ਲਾਜ਼ਮੀ ਮਨਜ਼ੂਰੀਆਂ ਦੇ ਝੂਠੇ ਵਾਅਦਿਆਂ ਦੇ ਆਧਾਰ ’ਤੇ ਵੇਚੇ ਜਾ ਚੁੱਕੇ ਹਨ।
- PTC NEWS