Mohali ਦੇ ਇੱਕ ਦਫਤਰ ’ਚ ਹੋਇਆ ਪਿਆਰ ਦਾ ਖੌਫਨਾਕ ਅੰਤ, BreakUp ਮਗਰੋਂ ਹੈਵਾਨ ਬਣਿਆ ਸ਼ਖਸ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
Mohali News : ਮੁਹਾਲੀ ਦੇ ਸੈਕਟਰ 66 ਦੇ ਫੇਜ਼ 11 ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਨੌਜਵਾਨ ਔਰਤ ਦਾ ਉਸਦੇ ਸਾਬਕਾ ਬੁਆਏਫ੍ਰੈਂਡ ਨੇ ਉਸਦੇ ਦਫਤਰ ਵਿੱਚ ਦਾਖਲ ਹੋਣ ਤੋਂ ਬਾਅਦ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੋਵਾਂ ਦਾ ਛੇ ਮਹੀਨੇ ਪਹਿਲਾਂ ਹੀ ਬ੍ਰੇਕਅੱਪ ਹੋ ਗਿਆ ਸੀ। ਹਰਵਿੰਦਰ ਉਦੋਂ ਤੋਂ ਹੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਡਿੰਪਲ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਨੇ ਉਸ ਤੋਂ ਦੂਰੀ ਬਣਾ ਲਈ ਸੀ।
ਪੁਲਿਸ ਦੇ ਅਨੁਸਾਰ, ਡਿੰਪਲ ਉਸ ਸ਼ਾਮ ਕੰਪਨੀ ਦੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਹਰਵਿੰਦਰ ਉੱਥੇ ਪਹੁੰਚਿਆ ਅਤੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਮੁਲਜ਼ਮ ਨੇ ਡਿੰਪਲ 'ਤੇ ਆਪਣੇ ਕੋਲ ਰੱਖੇ ਚਾਕੂ ਨਾਲ ਵਾਰ-ਵਾਰ ਵਾਰ ਕੀਤੇ। ਦਫ਼ਤਰ ਦੇ ਸਟਾਫ਼ ਵਿੱਚ ਘਬਰਾਹਟ ਫੈਲ ਗਈ।
ਮੁਲਜ਼ਮ ਦੀ ਹਾਲਤ ਵੀ ਹੈ ਗੰਭੀਰ
ਔਰਤ 'ਤੇ ਹਮਲਾ ਕਰਨ ਤੋਂ ਬਾਅਦ, ਮੁਲਜ਼ਮ ਨੇ ਆਪਣੇ ਆਪ ਨੂੰ ਕਈ ਵਾਰ ਚਾਕੂ ਮਾਰ ਲਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਰਵਿੰਦਰ ਦਾ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਡੀਐਸਪੀ ਦਾ ਮਾਮਲੇ ’ਤੇ ਬਿਆਨ
ਮੋਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ 7 ਵਜੇ ਵਾਪਰੀ। ਹਰਵਿੰਦਰ ਸਿੰਘ ਉਰਫ਼ ਹੈਰੀ ਮਾਨ ਨਾਮਕ ਨੌਜਵਾਨ ਨੇ ਡਿੰਪਲ ਨਾਮਕ ਲੜਕੀ ਦੀ ਗਰਦਨ 'ਤੇ ਪਿੱਛੇ ਤੋਂ 25 ਤੋਂ 30 ਵਾਰ ਚਾਕੂ ਮਾਰਿਆ। ਲੜਕੀ ਦੀ ਮੌਤ ਹੋ ਗਈ ਹੈ। ਲੜਕੀ 'ਤੇ ਹਮਲਾ ਕਰਨ ਤੋਂ ਬਾਅਦ ਹਰਵਿੰਦਰ ਸਿੰਘ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਇਸ ਸਮੇਂ ਇਲਾਜ ਅਧੀਨ ਹੈ। ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੋਸ਼ ਵਿੱਚ ਆਉਂਦੇ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਦੋਵੇਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਸਨ ਪਰ ਕਿਸੇ ਝਗੜੇ ਤੋਂ ਬਾਅਦ ਵੱਖ ਹੋ ਗਏ ਸਨ। ਦੋਵੇਂ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਇੱਥੇ ਕੰਮ ਕਰਦੇ ਸਨ। ਫਿਲਹਾਲ ਇਹ ਇੱਕ ਪਾਸੜ ਪਿਆਰ ਦਾ ਮਾਮਲਾ ਜਾਪਦਾ ਹੈ। ਹੈਰੀ ਮਾਨ ਦੇ ਮਾਪੇ ਵਿਦੇਸ਼ ਵਿੱਚ ਰਹਿੰਦੇ ਹਨ।
ਪਰਿਵਾਰਿਕ ਮੈਂਬਰਾਂ ਨੂੰ ਨਹੀਂ ਸੀ ਮੁਲਜ਼ਮ ਬਾਰੇ ਜਾਣਕਾਰੀ
ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਲੜਕੀ ਬਹੁਤ ਸਾਊ ਸੀ ਅਤੇ ਦੋ ਭਰਾਵਾਂ ਦੀ ਇਕੱਲੌਤੀ ਭੈਣ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਮੁਹਾਲੀ ਦੇ ਵਿੱਚ ਨੌਕਰੀ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਹਰਜਿੰਦਰ ਨਾਮ ਦੇ ਲੜਕੇ ਦੇ ਨਾਲ ਉਸਦੀ ਕੋਈ ਦੋਸਤੀ ਹੈ ਜਾਂ ਨਹੀਂ। ਉਹਨਾਂ ਨੇ ਕਿਹਾ ਜੇ ਸਾਨੂੰ ਇਸ ਬਾਰੇ ਪਤਾ ਹੁੰਦਾ ਤਾਂ ਅਸੀਂ ਇਸ ਮਸਲੇ ਦਾ ਹੱਲ ਬੈਠ ਕੇ ਕੱਢ ਲੈਂਦੇ।
ਫਿਲਹਾਲ ਪਟਿਆਲਾ ਦੀ ਵੀਰ ਜੀ ਦੀ ਮੜ੍ਹੀ ਵਿੱਚ ਡਿੰਪਲ ਦਾ ਹਿੰਦੂ ਰਸਮਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ। ਉੱਥੇ ਹੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜੋ ਦਿਨ-ਦਿਹਾੜੇ ਵਾਪਰੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
- PTC NEWS