Nabha : ਨਾਭਾ 'ਚ ਰੂਹ ਕੰਬਾਊ ਹਾਦਸਾ, ਕਾਰਾਂ ਦੀ ਟੱਕਰ 'ਚ ਮਾਂ ਤੇ 3 ਮਹੀਨੇ ਦੀ ਬੱਚੀ ਦੀ ਮੌਤ, 3 ਵਿਅਕਤੀ ਜ਼ਖ਼ਮੀ
ਨਾਭਾ ਦੇ ਪਿੰਡ ਸਾਲੂਵਾਲ ਨਜ਼ਦੀਕ ਇੱਕ ਸੜਕੀ ਹਾਦਸੇ ਵਿੱਚ ਮਾਂ ਧੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਵਿੱਚ ਮੁਲਾਜ਼ਮ ਅਮਨਪ੍ਰੀਤ ਕੌਰ ਆਪਣੇ ਪਤੀ ਅਤੇ ਪਰਿਵਾਰਿਕ ਮੈਂਬਰਾਂ ਨਾਲ ਕਾਰ ਵਿੱਚ ਸਵਾਰ ਹੋ ਕੇ ਰਾਜਪੁਰਾ ਜਾ ਰਹੇ ਸਨ, ਜਿੱਥੇ ਮ੍ਰਿਤਕਾ ਦਾ ਜੇਠ ਵਿਦੇਸ਼ ਤੋਂ ਵਾਪਸ ਆ ਰਿਹਾ ਹੈ, ਜਿਸ ਨੂੰ ਲੈਣ ਸਾਰੇ ਪਰਿਵਾਰਿਕ ਮੈਂਬਰ ਜਾ ਰਹੇ ਸਨ ਪਰ ਜਿਵੇਂ ਹੀ ਇਹ ਪਰਿਵਾਰ ਨਾਭਾ ਬੀੜ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ 30 ਸਾਲਾਂ ਮ੍ਰਿਤਕਾ ਅਮਰਪ੍ਰੀਤ ਕੌਰ ਅਤੇ ਉਸਦੀ ਤਿੰਨ ਮਹੀਨੇ ਦੀ ਮਾਸੂਮ ਧੀ ਅਰਜੋਈ ਦੀ ਮੌਤ ਹੋ ਗਈ।
ਹਾਦਸੇ ਵਿੱਚ ਜਿੱਥੇ ਮ੍ਰਿਤਕਾ ਦੇ ਪਤੀ ਅੰਮ੍ਰਿਤ ਸਿੰਘ, ਉਸ ਦੀ ਜੇਠਾਣੀ ਅਤੇ ਭਤੀਜੀ ਦੇ ਸੱਟਾਂ ਲੱਗੀਆਂ ਸਨ, ਜਿਸ ਵਿੱਚੋਂ 10 ਸਾਲਾਂ ਮਾਸੂਮ ਬੱਚੀ ਗੰਭੀਰ ਰੂਪ ਵਿੱਚ ਜਖਮੀ ਹੋਣ ਕਰਕੇ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਹਿਲਾ ਨੇ ਦੱਸਿਆ ਕਿ ਉਹ ਮੂਲਾ ਬੱਧਾ ਪਿੰਡ ਦੇ ਰਹਿਣ ਵਾਲੇ ਹਨ, ਜੋ ਆਪਣੇ ਪਤੀ ਨੂੰ ਰਾਜਪੁਰਾ ਤੋਂ ਲੈਣ ਜਾ ਰਹੇ ਸਨ, ਜੋ ਵਿਦੇਸ਼ ਤੋਂ ਆ ਰਹੇ ਹਨ ਪਰ ਅਚਾਨਕ ਸਾਹਮਣੇ ਤੋਂ ਆ ਰਹੀ ਕਾਰ ਨੇ ਕੱਟ ਮਾਰ ਦਿੱਤਾ ਤੇ ਸਾਡੀ ਕਾਰ ਵਿੱਚ ਟਕਰਾ ਗਈ, ਜਿਸ ਵਿੱਚ ਉਹਨਾਂ ਦੀ ਦਰਾਣੀ ਅਤੇ ਤਿੰਨ ਮਹੀਨੇ ਦੀ ਮਾਸੂਮ ਭਤੀਜੀ ਦੀ ਮੌਤ ਹੋ ਗਈ।
ਡਿਊਟੀ 'ਤੇ ਮੌਜੂਦ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਪੰਜ ਵਿਅਕਤੀਆਂ ਨੂੰ ਸੜਕੀ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਨਾਭਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਵਿੱਚੋਂ ਅਮਨਪ੍ਰੀਤ ਕੌਰ ਅਤੇ ਉਸਦੀ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ, ਜਦਕਿ ਇੱਕ 10 ਸਾਲਾ ਬੱਚੀ ਨੂੰ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।
- PTC NEWS