China Dor ਦਾ ਕਹਿਰ ਜਾਰੀ , ਰਾਮਪੁਰਾ ਫੂਲ 'ਚ ਮੋਟਰਸਾਈਕਲ ਸਵਾਰ ਦਾ ਵੱਢਿਆ ਗਿਆ ਗਲਾ
Rampura Phul News : ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੋਵੇ ਪਰ ਚਾਈਨਾ ਡੋਰ ਅਜੇ ਵੀ ਲੋਕਾਂ ਲਈ ਖ਼ਤਰਾ ਬਣੀ ਹੋਈ ਹੈ। ਤਾਜ਼ਾ ਘਟਨਾ ਮੰਗਲਵਾਰ ਦੁਪਹਿਰ ਨੂੰ ਰਾਮਪੁਰਾ ਫੂਲ ਵਿੱਚ ਵਾਪਰੀ, ਜਿੱਥੇ ਇੱਕ ਦੋਪਹੀਆ ਵਾਹਨ ਸਵਾਰ ਚਾਈਨਾ ਡੋਰ ਦੀ ਚਪੇਟ 'ਚ ਆਉਣ ਕਰਕੇ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਅਜੈ ਸਿੰਘ ਵਾਸੀ ਪ੍ਰੇਮ ਨਗਰ ਰਾਮਪੁਰਾ ਫੂਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਮੰਗਲਵਾਰ ਦੁਪਹਿਰ ਨੂੰ ਆਪਣੇ ਮੋਟਰਸਾਈਕਲ 'ਤੇ ਰੇਲਵੇ ਓਵਰਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਚਾਈਨਾ ਡੋਰ ਉਸਦੀ ਗਰਦਨ ਅਤੇ ਹੱਥ ਵਿੱਚ ਫਸ ਗਈ, ਜਿਸ ਕਾਰਨ ਉਸਦੀ ਗਰਦਨ ਅਤੇ ਇੱਕ ਉਂਗਲੀ ਕੱਟ ਗਈ। ਹਾਦਸੇ ਤੋਂ ਤੁਰੰਤ ਬਾਅਦ ਹੋਰ ਲੰਘ ਰਹੇ ਵਾਹਨ ਚਾਲਕਾਂ ਨੇ ਜ਼ਖਮੀ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਰਵਿੰਦਰ ਸਿੰਘ ਦੀ ਗਰਦਨ 'ਤੇ ਸੱਤ ਅਤੇ ਉਂਗਲੀ 'ਤੇ ਤਿੰਨ ਟਾਂਕੇ ਲੱਗੇ ਹਨ।
ਇਸ ਘਟਨਾ ਤੋਂ ਬਾਅਦ ਪਰਿਵਾਰ ਬਹੁਤ ਗੁੱਸੇ ਵਿੱਚ ਸੀ। ਪਰਿਵਾਰ ਅਤੇ ਸਮਾਜਿਕ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਚਾਈਨਾ ਡੋਰ ਪੂਰੀ ਤਰ੍ਹਾਂ ਹਟਾਏ ਜਾਣ ਤਕ ਵਿਸ਼ੇਸ਼ ਚੌਕਸੀ ਵਰਤੇ ਤਾਂ ਜੋ ਹੋਰ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ।
- PTC NEWS