ਰਾਏਕੋਟ ਦੇ ਪੰਜਾਬੀ ਨੌਜਵਾਨ ਦੀ ਸਪੇਨ ’ਚ ਸ਼ੱਕੀ ਹਾਲਾਤਾਂ ‘ਚ ਮੌਤ, ਫੈਕਟਰੀ ‘ਚ ਕਰਦਾ ਸੀ ਕੰਮ
ਰਾਏਕੋਟ ਦੇ ਇੱਕ 32 ਸਾਲਾ ਨੌਜਵਾਨ ਦੀ ਸਪੇਨ ਵਿਖੇ ਫੈਕਟਰੀ ਵਿਚ ਕੰਮ ਦੌਰਾਨ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਿੰਡ ਭੈਣੀ ਬੜਿੰਗਾ ਹਾਲਵਾਸੀ ਰਾਏਕੋਟ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਇਕਲੌਤਾ ਅਤੇ ਹੋਣਹਾਰ ਪੁੱਤਰ ਅਰਸ਼ਦੀਪ ਸਿੰਘ (32 ਸਾਲ) ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਲਈ 8-9 ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਪਿਛਲੇ 5 ਸਾਲਾਂ ਤੋਂ ਹੀ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਪਰ ਕੱਲ੍ਹ ਦੁਪਿਹਰ ਸਮੇਂ ਸਾਨੂੰ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਅਰਸ਼ਦੀਪ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਅਰਸ਼ਦੀਪ ਦੀ ਮੌਤ ‘ਤੇ ਸ਼ੱਕ ਪ੍ਰਗਟ ਕਰਦਿਆਂ ਆਖਿਆ ਕਿ ਪੰਜ ਸਾਲਾਂ ਤੋਂ ਇੱਕ ਫੈਕਟਰੀ ਵਿੱਚ ਹੀ ਕੰਮ ਕਰਦੇ ਹੋਣ ਕਾਰਨ ਅਰਸ਼ਦੀਪ ਆਪਣੇ ਕੰਮ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ ਅਤੇ ਉਸ ਨਾਲ ਅਜਿਹਾ ਕੀ ਵਾਪਰਿਆ ਕਿ ਉਸ ਦੀ ਮੌਤ ਹੋ ਗਈ, ਹਾਲਾਂਕਿ ਇਹ ਘਟਨਾ ਵਾਪਰਨ ਤੋਂ ਬਾਅਦ ਮਾਲਕਾਂ ਨੇ ਫੈਕਟਰੀ ਨੂੰ ਬੰਦ ਨਹੀਂ ਕੀਤਾ ਅਤੇ ਫੈਕਟਰੀ ਬਾਹਰ ਬੈਠੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਘਟਨਾ ਸਬੰਧੀ ਪੂਰੀ ਜਾਣਕਾਰੀ ਨਹੀਂ ਦਿੱਤੀ। ਇਸ ਲਈ ਉਨ੍ਹਾਂ ਨੂੰ ਅਰਸ਼ਦੀਪ ਦੀ ਮੌਤ ਸ਼ੱਕੀ ਲੱਗ ਰਹੀ ਹੈ। ਉਨ੍ਹਾਂ ਸਪੇਨ ਸਰਕਾਰ ਤੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਇਨਸਾਫ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਉਥੇ ਹੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਸਬੰਧੀ ਸਪੇਨ ਸਰਕਾਰ ਨਾਲ ਗੱਲ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਇਸ ਮੌਕੇ ਗੁਆਂਢੀ ਜਤਿੰਦਰ ਸਿੰਘ, ਮਾਮਾ ਮਹਿੰਦਰ ਸਿੰਘ, ਲਖਵੀਰ ਸਿੰਘ ਰਿਸ਼ਤੇਦਾਰ ਨੇ ਦੱਸਿਆ ਕਿ ਫੈਕਟਰੀ ਵਿੱਚ ਕੰਮ ਦੌਰਾਨ ਮਸ਼ੀਨਾਂ ਵਿਚਕਾਰ ਆ ਜਾਣ ਕਾਰਨ ਅਰਸ਼ਦੀਪ ਨਾਲ ਇਹ ਮੰਦਭਾਗਾ ਹਾਦਸਾ ਵਾਪਰ ਗਿਆ ਅਤੇ ਇਸ ਘਟਨਾ ਤੋਂ ਉਸਦੇ ਬਾਅਦ ਪਰਿਵਾਰ ਉੱਪਰ ਕਹਿਰ ਟੁੱਟ ਗਿਆ, ਸਗੋਂ ਦੋ ਸਾਲ ਪਹਿਲਾਂ ਹੀ ਅਰਸ਼ਦੀਪ ਸਿੰਘ ਦਾ ਵਿਆਹ ਪਰਨੀਤ ਕੌਰ ਨਾਲ ਹੋਇਆ ਸੀ ਅਤੇ ਉਹ ਇੱਕ ਸਾਲ ਪਹਿਲਾ ਹੀ ਸਪੇਨ ਵਿਖੇ ਅਰਸ਼ਦੀਪ ਕੋਲ ਗਈ ਸੀ,ਜਦਕਿ ਉਸਦੀ ਭੈਣ ਗੁਰਜੀਤ ਕੌਰ ਭਣੋਈਆ ਚਰਨਜੀਤ ਸਿੰਘ ਇੰਗਲੈਂਡ ਵਿਖੇ ਰਹਿੰਦੇ ਹਨ ਅਤੇ ਉਹ ਇਸ ਘਟਨਾ ਦਾ ਪਤਾ ਲੱਗਣ ‘ਤੇ ਸਪੇਨ ਪਹੁੰਚ ਗਏ। ਇਕਲੌਤੇ ਪੁੱਤ ਦੀ ਮੌਤ ਬਾਰੇ ਪਤਾ ਲੱਗਣ ‘ਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਤੇ ਪਿਤਾ ਬਲਵਿੰਦਰ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਉਧਰ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਪੇਨ ਵਿਖੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸਗੋਂ ਕੁਝ ਪੰਜਾਬੀ ਭਰਾਵਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਵੀਡੀਓ ਪਾ ਕੇ ਇਸ ਘਟਨਾ ਪ੍ਰਤੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਥੋਂ ਦੀ ਸਰਕਾਰ ਨੂੰ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Iran Targets UAE Energy Infrastructure : ਈਰਾਨ ਨੇ ਹੁਣ ਯੂਏਈ ਦੇ ਗੈਸ ਖੇਤਰ 'ਤੇ ਕੀਤਾ ਹਮਲਾ , ਹਰ ਪਾਸੇ ਹੋਇਆ ਧੂੰਆਂ-ਧੂੰਆਂ
- PTC NEWS