Pastor Bajinder Singh : ''ਪਾਦਰੀ ਨੂੰ ਤੁਰੰਤ ਗ੍ਰਿਫ਼ਤਾਰ ਕਰੋ'', ਬਜਿੰਦਰ ਸਿੰਘ ਜਿਨਸੀ ਸ਼ੋਸ਼ਣ ਮਾਮਲੇ 'ਚ ਮਹਿਲਾ ਕਮਿਸ਼ਨ ਸਖਤ, ਪੀੜਤਾ ਨੂੰ ਸੁਰੱਖਿਆ ਦੇਣ ਲਈ ਕਿਹਾ
Pastor Bajinder Singh Case : ਪੰਜਾਬ ਦੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਖਿਲਾਫ ਜਿਨਸੀ ਸ਼ੋਸ਼ਣ (Sexual Harassment) ਦਾ ਮਾਮਲਾ ਦਰਜ ਹੋਣ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਇਸ ਘਟਨਾ ਦਾ ਨੋਟਿਸ ਲਿਆ ਹੈ। ਕਮਿਸ਼ਨ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ 22 ਸਾਲਾ ਕੁੜੀ ਨੇ ਬਜਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਕੁੜੀ ਨੇ ਪਾਦਰੀ 'ਤੇ ਅਣ-ਉਚਿਤ ਛੂਹਣ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਮਹਿਲਾ ਕਮਿਸ਼ਨ ਨੇ ਪੀੜਤਾ ਦੀ ਸੁਰੱਖਿਆ ਅਤੇ ਪਾਸਟਰ ਬਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਲਿਖਿਆ, ''ਚੇਅਰਪਰਸਨ ਵਿਜੇ ਰਾਹਤਕਰ ਦੇ ਨਿਰਦੇਸ਼ਾਂ 'ਤੇ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ, ਪੰਜਾਬ 'ਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਪਾਸਟਰ ਬਜਿੰਦਰ ਸਿੰਘ ਖਿਲਾਫ ਦਰਜ ਸ਼ਿਕਾਇਤ ਨਾਲ ਸਬੰਧਤ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਨੇ ਭਾਰਤੀ ਨਿਆਂ ਜ਼ਾਬਤਾ-2023 ਦੇ ਤਹਿਤ ਉਸ ਦੀ ਗ੍ਰਿਫਤਾਰੀ ਅਤੇ ਪੀੜਤ ਨੂੰ ਸੁਰੱਖਿਆ ਪ੍ਰਦਾਨ ਕਰਨ ਸਮੇਤ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਏਟੀਆਰ ਅਤੇ ਐਫਆਈਆਰ ਦੀ ਕਾਪੀ ਤਿੰਨ ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣੀ ਹੈ।''
ਮੀਡੀਆ ਰਿਪੋਰਟਾਂ ਮੁਤਾਬਕ ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਹੈ। ਬਜਿੰਦਰ ਸਿੰਘ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਨਾਂ ’ਤੇ ਈਸਾਈ ਸਤਿਸੰਗ ਦਾ ਆਯੋਜਨ ਕਰਦਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਬਜਿੰਦਰ ਸਿੰਘ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹੋਇਆ ਸੀ। ਬਜਿੰਦਰ ਇੱਕ ਕਤਲ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ। ਜੇਲ੍ਹ ਵਿਚ ਹੀ ਉਸ ਨੇ ਈਸਾਈ ਧਰਮ ਅਪਣਾ ਲਿਆ। ਬਜਿੰਦਰ ਸਿੰਘ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕੀ ਹੈ ਪੂਰਾ ਮਾਮਲਾ ?
28 ਫਰਵਰੀ ਨੂੰ ਪੰਜਾਬ ਦੇ ਕਪੂਰਥਲਾ (Kapurthala Police) ਵਿੱਚ ਇੱਕ ਔਰਤ ਨੇ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਔਰਤ ਨੇ ਦੱਸਿਆ ਕਿ ਉਹ 2017 ਤੋਂ ਜਲੰਧਰ ਦੇ ਪਿੰਡ ਤਾਜਪੁਰ 'ਚ ਹੋ ਰਹੇ ਸਤਿਸੰਗ 'ਚ ਜਾਂਦੀ ਸੀ। 2020 ਵਿੱਚ ਉਹ ਇੱਕ ਚਰਚ ਟੀਮ ਦਾ ਹਿੱਸਾ ਬਣ ਗਈ। ਇਸ ਸਾਲ ਪੁਜਾਰੀ ਨੇ ਮੇਰਾ ਮੋਬਾਈਲ ਨੰਬਰ ਲੈ ਲਿਆ।
ਔਰਤ ਦਾ ਦੋਸ਼ ਹੈ ਕਿ ਚੈਟਿੰਗ ਦੌਰਾਨ ਪਾਸਟਰ ਬਜਿੰਦਰ ਨੇ ਅਣਉਚਿਤ ਮੈਸੇਜ ਭੇਜੇ ਅਤੇ ਕਈ ਵਾਰ ਕਾਲ ਕੀਤੀ। ਸਾਲ 2022 ਵਿੱਚ, ਪੁਜਾਰੀ ਨੇ ਮੈਨੂੰ ਗੰਦੇ ਢੰਗ ਨਾਲ ਛੂਹਿਆ ਅਤੇ ਮੈਨੂੰ ਜੱਫੀ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਕਾਲਜ ਜਾਂਦੇ ਸਮੇਂ ਵੀ ਪਿੱਛਾ ਕੀਤਾ ਜਾਂਦਾ ਸੀ। ਸ਼ਿਕਾਇਤ ਵਿੱਚ ਔਰਤ ਨੇ ਇਹ ਵੀ ਕਿਹਾ ਕਿ ਪਾਸਟਰ ਬਜਿੰਦਰ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ।
- PTC NEWS