Kapurthala Civil Hospital : ਕਪੂਰਥਲਾ ਸਿਵਲ ਹਸਪਤਾਲ 'ਚੋਂ ਨਵਜੰਮਾ ਬੱਚਾ ਚੋਰੀ, ਨਰਸ ਬਣ ਕੇ ਆਈ ਔਰਤ 'ਤੇ ਸ਼ੱਕ
Kapurthala Civil Hospital : ਕਪੂਰਥਲਾ ਸਿਵਲ ਹਸਪਤਾਲ 'ਚੋਂ ਨਵਜੰਮਾ ਬੱਚਾ ਚੋਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਬੱਚਾ ਚੋਰੀ ਕਰਨ ਪਿੱਛੇ ਨਰਸ ਬਣ ਕੇ ਆਈ ਇੱਕ ਔਰਤ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਬੱਚਾ ਚੋਰੀ ਹੋਣ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਨਾਲ ਹਸਪਤਾਲ ਵਿੱਚ ਹਾਹਾਕਾਰ ਮੱਚ ਗਈ ਹੈ। ਬੱਚੇ ਦੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਫੁੱਲੋ ਦੇਵੀ ਨਾਮ ਦੀ ਔਰਤ ਨੇ ਬੀਤੇ ਦਿਨ ਸਿਜੇਰੀਅਨ ਡਿਲੀਵਰਰੀ ਤੋਂ ਬਾਅਦ ਇੱਕ ਬੱਚੇ ਨੂੰ ਜਨਮ ਦਿੱਤੀ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਬੱਚਾ ਇੱਕ਼ ਦਿਨ ਦਾ ਸੀ ਅਤੇ ਬੱਚੇ ਨੂੰ ਦਾਦੀ ਸੰਭਾਲ ਰਹੀ ਸੀ। ਇਸ ਦੌਰਾਨ ਇੱਕ ਔਰਤ ਨਰਸ ਦੇ ਭੇਸ ਵਿੱਚ ਦਾਦੀ ਕੋਲ ਆਈ ਅਤੇ ਬੱਚੇ ਨੂੰ ਟੈਸਟ ਕਰਵਾਉਣ ਲਈ ਲੈ ਗਈ ਤੇ ਫ਼ਰਾਰ ਹੋ ਗਈ। ਬੱਚੇ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਔਰਤ ਮਾਸਕ ਪਾ ਕੇ ਆਈ ਸੀ, ਜਿਸ ਨੇ ਖੁਦ ਨੂੰ ਨਰਸ ਦੱਸਦੇ ਹੋਏ ਬੱਚੇ ਦੇ ਟੈਸਟ ਕਰਨ ਲਈ ਲੈ ਕੇ ਜਾਣ ਲਈ ਕਿਹਾ, ਪਰ ਫਿਰ ਗਾਇਬ ਹੋ ਗਈ।
ਬੱਚੇ ਦੀ ਦਾਦੀ ਨੇ ਦੱਸਿਆ ਪਹਿਲਾਂ ਉਹ ਔਰਤ ਤੇ ਬੱਚੇ ਨਾਲ ਲੈਬ ਵੱਲ ਜਾ ਰਹੇ ਸਨ। ਇਸ ਦੌਰਾਨ ਉਸ ਨੇ ਰਸਤੇ ਵਿੱਚ ਜਾ ਕੇ ਆਧਾਰ ਕਾਰਡ ਦੀ ਮੰਗ ਕੀਤੀ, ਜਦੋਂ ਉਹ ਕਾਰਡ ਲੈ ਕੇ ਵਾਪਸ ਪਰਤੀ ਤਾਂ ਮਹਿਲਾ, ਬੱਚੇ ਸਮੇਤ ਗਾਇਬ ਸੀ।
ਘਟਨਾ ਦੁਪਹਿਰ 1 ਵਜੇ ਦੀ ਹੈ, ਜਿਸ ਸਬੰਧੀ ਹਸਪਤਾਲ ਪ੍ਰਬੰਧਨ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਹਸਪਤਾਲ 'ਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
- PTC NEWS