ਸਿਰਫ 2 ਦਿਨਾਂ ਦੇ ਅੰਦਰ ਹੀ ਟੁੱਟੀ ਕਰੋੜਾਂ ਰੁਪਏ ਖਰਚ ਕੇ ਬਣਾਈ ਸੜਕ : ਐਡਵੋਕੇਟ ਧਾਰਨੀ
Collapse of the newly constructed road : ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਂ ਬਣਾਈ ਗਈ ਸੜਕ ਮਹਿਜ਼ 2 ਦਿਨਾਂ ਦੇ ਅੰਦਰ ਹੀ ਟੁੱਟਣ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਬੋਲੇ ਹਨ।
ਇਹ ਵੀ ਪੜ੍ਹੋ :
Dearness Allowance : 'ਸਰਕਾਰ ਦੀ ਮੰਸ਼ਾ ਸਾਫ, ਮੁਲਾਜ਼ਮਾਂ ਨੂੰ ਨਹੀਂ ਦੇਣਾ ਚਾਹੁੰਦੀ ਹੱਕ' : ਹਾਈਕੋਰਟ
ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਪੂਰੇ ਸੂਬੇ ਵਿੱਚ ਤਾਂ ਘਪਲੇ ਕਰ ਹੀ ਰਹੀ ਸੀ, ਪਰ ਹੁਣ ਇਸ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਕਿਹਾ ਕਿ ਦਸੰਬਰ ਮਹੀਨੇ ਵਿੱਚ ਆਯੋਜਿਤ ਹੋਣ ਵਾਲੀ ਸਲਾਨਾ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਰਧਾਲੂ ਇਸੇ ਰਸਤੇ ਤੋਂ ਗੁਜ਼ਰਦੇ ਹਨ। ਅਜਿਹੇ ਪਵਿੱਤਰ ਮੌਕੇ ਤੋਂ ਪਹਿਲਾਂ ਬਣਾਈ ਗਈ ਸੜਕ ਦਾ 2 ਦਿਨਾਂ ਵਿੱਚ ਹੀ ਟੁੱਟ ਜਾਣਾ ਸਰਕਾਰ ਦੀ ਨਾਕਾਮੀ ਅਤੇ ਬੇਅਦਬੀ ਭਰੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਸਿੱਧਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਇਸ ਸੜਕ ਦੇ ਨਿਰਮਾਣ ਦਾ ਠੇਕਾ ਦਿੱਤਾ ਸੀ। ਇਹਨਾਂ ਠੇਕੇਦਾਰਾਂ ਨੇ ਅੱਗੇ ਸਰਹਿੰਦ ਦੇ ਇੱਕ ਸਥਾਨਕ ਵਿਅਕਤੀ ਤੋਂ ਸਮਾਨ ਅਤੇ ਮਸ਼ੀਨਰੀ ਠੇਕੇ 'ਤੇ ਲੈ ਕੇ ਕੰਮ ਚਲਾਊ ਤਰੀਕੇ ਨਾਲ ਘਟੀਆ ਸੜਕ ਤਿਆਰ ਕਰਵਾਈ, ਜਿਸ ਕਾਰਨ ਇਹ ਤੁਰੰਤ ਬਿਖਰ ਗਈ। ਇੰਨੀ ਘਟੀਆਂ ਕਿਸਮ ਦੀ ਸੜਕ ਨਾਲ ਸਥਾਨਕ ਲੋਕਾਂ 'ਚ ਭਾਰੀ ਰੋਸ ਪੈਦਾ ਹੋ ਰਿਹਾ ਹੈ , ਕਿਉਂ ਕਿ ਲੋਕ ਪੂਰਾ ਸਾਲ ਇਸ ਸੜਕ ਦੇ ਬਣਨ ਦਾ ਇੰਤਜਾਰ ਕਰਦੇ ਹਨ ਅਤੇ ਹੁਣ ਇਹ ਨਵੀਂ ਬਣੀ ਸੜਕ ਸਿਰਫ 2 ਦਿਨਾਂ 'ਚ ਹੀ ਟੁੱਟ ਕੇ ਖਰਾਬ ਹੋ ਗਈ।
ਐਡਵੋਕੇਟ ਧਾਰਨੀ ਨੇ ਕਿਹਾ ਕਿ ਇਹ ਸੜਕ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਹੋਣ ਦਾ ਮਾਣ ਪ੍ਰਾਪਤ ਹੈ, ਤੋਂ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜੋੜਦੀ ਹੈ, ਪਰ ਸੜਕ ਦੀ ਮੌਜੂਦਾ ਹਾਲਤ ਦੇਖ ਕੇ ਲੋਕਾਂ 'ਚ ਰੋਹ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਦਸੰਬਰ ਮਹੀਨੇ ਇੱਥੇ ਸ਼ਹੀਦੀ ਸਭਾ ਸ਼ੁਰੂ ਹੋਵੇਗੀ ਅਤੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ। ਉਨ੍ਹਾਂ ਨੇ ਇਸ ਸੜਕ 'ਤੇ ਪਏ ਟੋਇਆ ਨੂੰ ਦਿਖਾਉਂਦਿਆਂ ਪ੍ਰਸਾਸ਼ਨ ਦੇ ਸਵਾਲਿਆ ਨਿਸ਼ਾਨ ਖੜ੍ਹੇ ਕੀਤੇ ਹਨ।
ਉਹਨਾਂ ਦੱਸਿਆ ਕਿ ਇਸ ਲਾਪਰਵਾਹੀ ਅਤੇ ਘੁਟਾਲੇ ਸਬੰਧੀ ਉਹਨਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ (XEN) ਦੇ ਧਿਆਨ ਵਿੱਚ ਵੀ ਪੂਰਾ ਮਾਮਲਾ ਲਿਆਂਦਾ ਗਿਆ ਹੈ। ਅਕਾਲੀ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਆਕਾਲੀ ਦਲ ਸੰਗਤਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿਢੇਗਾ।
- PTC NEWS