Punjab News : ਪੰਜਾਬ ਵਿੱਚ 6 ਥਾਵਾਂ 'ਤੇ NIA ਦੀ ਰੇਡ , ਤੜਕੇ -ਤੜਕੇ ਪੁਲਿਸ ਨਾਲ ਜਲੰਧਰ ਦੇ ਪੌਸ਼ ਇਲਾਕੇ ਵਿੱਚ ਪਹੁੰਚੀਆਂ NIA ਦੀਆਂ ਟੀਮਾਂ
Punjab News : ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੀਰਵਾਰ ਨੂੰ ਪੰਜਾਬ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। NIA ਵੱਲੋਂ ਜਲੰਧਰ ਜ਼ਿਲ੍ਹੇ 'ਚ 4 ਥਾਵਾਂ 'ਤੇ ਅਤੇ ਟਾਂਡਾ ਉੜਮੁੜ 'ਚ 2 ਥਾਵਾਂ 'ਤੇ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ NIA ਦੀ ਟੀਮ ਸਥਾਨਕ ਪੁਲਿਸ ਨਾਲ ਸਵੇਰੇ 7 ਵਜੇ ਜਲੰਧਰ ਦੇ ਇੱਕ ਪੌਸ਼ ਇਲਾਕੇ ਫਰੈਂਡਜ਼ ਕਲੋਨੀ ਪਹੁੰਚੀ, ਜਿੱਥੇ ਇੱਕ ਕਿਰਾਏਦਾਰ ਤੋਂ ਪੁੱਛਗਿੱਛ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਇਹ ਮਾਮਲਾ ਗ੍ਰਨੇਡ ਅਟੈਕ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। NIA ਸੂਤਰਾਂ ਅਨੁਸਾਰ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਦੀ ਮੋਬਾਈਲ ਜਾਣਕਾਰੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਫਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਦੇ ਸੰਪਰਕ ਵਿੱਚ ਕੌਣ-ਕੌਣ ਹਨ। ਘਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
NIA ਦੀ ਟੀਮ ਵੱਲੋਂ ਉੜਮੁੜ ਦੇ 2 ਘਰਾਂ ਵਿਚ ਵੀ ਰੇਡ
ਟਾਂਡਾ ਉੜਮੁੜ 'ਚ ਵੀ ਅੱਜ ਸਵੇਰੇ ਦੋ ਘਰਾਂ ਵਿੱਚ ਐਨਆਈਏ ਦੀ ਟੀਮ ਨੇ ਰੇਡ ਕੀਤੀ ਹੈ। ਫਿਲਹਾਲ ਇਹ ਕੋਈ ਵੀ ਖੁਲਾਸਾ ਨਹੀਂ ਕੀਤਾ ਜਾ ਰਿਹਾ ਕਿ ਇਹ ਰੇਡ ਕਿਹੜੇ ਕਾਰਨਾਂ ਕਰਕੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਵੱਲੋਂ ਵਿਦੇਸ਼ ਰਹਿੰਦੇ ਇੱਕ ਗੜੀ ਮਹੱਲਾ ਵਾਸੀ ਨੌਜਵਾਨ ਦੇ ਘਰ ਅਤੇ ਇੱਕ ਉੜਮੜ ਵਾਸੀ ਹੋਰ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ l ਟੀਮ ਵੱਲੋਂ ਲਗਾਤਾਰ ਪੁੱਛਗਿੱਛ ਅਤੇ ਜਾਂਚ ਕੀਤੀ ਜਾ ਰਹੀ ਹੈ। ਉੜਮੁੜ 'ਚ ਜਿਸ ਨੌਜਵਾਨ ਦੇ ਘਰ ਵਿੱਚ ਐਨਆਈਏ ਦੀ ਟੀਮ ਨੇ ਰੇਡ ਕੀਤੀ ਹੈ ,ਉਹ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਉਸ ਉੱਤੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਐਕਸਾਈਜ਼ ਅਤੇ ਐਨਡੀਪੀਐਸ ਐਕਟ ਦੇ ਅਧੀਨ ਮਾਮਲੇ ਦਰਜ ਹਨ ਅਤੇ ਉਸਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ।
- PTC NEWS