ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ : ਜ਼ਿਲ੍ਹਾ ਚੋਣ ਅਧਿਕਾਰੀ
Punjab Zila Parishad and Block Samiti Elections 2025 : ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 209 ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ (Panchayats Elections 2025) ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮਿਤੀ 25.09.2025 ਅਨੁਸਾਰ ਰਾਜ ਚੋਣ ਕਮਿਸ਼ਨ ਵੱਲੋਂ ਬੀਤੇ ਕੱਲ੍ਹ ਸ਼ਾਮ ਨੂੰ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਦੀਆਂ ਆਮ ਚੋਣਾਂ ਲਈ ਘੋਸ਼ਣਾ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ, ਦਲਵਿੰਦਰਜੀਤ ਸਿੰਘ ਆਈ.ਏ.ਐੱਸ. ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਦੇ 24 ਜੋਨਾਂ ਅਤੇ 10 ਬਲਾਕ ਸੰਮਤੀਆਂ ਦੇ 195 ਜੋਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 01.12.2025 (ਸੋਮਵਾਰ) (ਸਵੇਰੇ 11:00 ਤੋਂ ਸ਼ਾਮ 03:00 ਵਜੇ ਤੱਕ) ਇਸ ਕੰਮ ਲਈ ਨਾਮਜ਼ਦ ਕੀਤੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04.12.2025 (ਵੀਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05.12.2025 (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06.12.2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਮਜ਼ਦਗੀ ਪੱਤਰ, ਕਮਰਾ ਨੰਬਰ 328, ਤੀਜੀ ਮੰਜ਼ਿਲ ਨਗਰ ਨਿਗਮ ਦਫਤਰ ਰਣਜੀਤ ਐਵਨਿਊ ਵਿੱਚ ਪ੍ਰਾਪਤ ਕੀਤੇ ਜਾਣਗੇ।
ਪੰਚਾਇਤ ਸੰਮਤੀ ਅਟਾਰੀ ਅਤੇ ਵੇਰਕਾ ਲਈ, ਐਸਡੀਐਮ ਅੰਮ੍ਰਿਤਸਰ 2, ਮਨਕੰਵਲ ਸਿੰਘ ਚਾਹਲ ਰਿਟਰਨਿੰਗ ਅਫਸਰ ਵਜੋਂ ਸੇਵਾ ਨਿਭਾਉਣਗੇ, ਜਿਨ੍ਹਾਂ ਦਾ ਦਫਤਰ ਕਮਰਾ, ਗਰਾਊਂਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈ।
ਪੰਚਾਇਤ ਸੰਮਤੀ ਜੰਡਿਆਲਾ ਗੁਰੂ ਲਈ, ਐਸਡੀਐਮ ਅੰਮ੍ਰਿਤਸਰ 1 ਪ੍ਰੀਤ ਇੰਦਰ ਸਿੰਘ ਬੈਂਸ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀਆਂ ਕਮਰਾ ਅਦਾਲਤ ਗਰਾਉਂਡ ਫਲੋਰ ਦਫਤਰ ਉਪ ਮੰਡਲ ਮਜਿਸਟਰੇਟ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ।
ਇਸੇ ਤਰ੍ਹਾਂ, ਪੰਚਾਇਤ ਸੰਮਤੀ ਮਜੀਠਾ ਲਈ, ਰੀਜਨਲ ਟਰਾਂਸਪੋਰਟ ਅਫਸਰ ਸ੍ਰੀ ਖੁਸ਼ਦਿਲ ਸਿੰਘ ਰਿਟਰਨਿੰਗ ਅਫਸਰ ਹੋਣਗੇ, ਜੋ ਕਮਰਾ ਅਦਾਲਤ ਉਪ ਮੰਡਲ ਮਜਿਸਟਰੇਟ ਪਹਿਲੀ ਮੰਜ਼ਿਲ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਨਾਮਜ਼ਦਗੀ ਪੱਤਰ ਸਵੀਕਾਰ ਕਰਨਗੇ।
ਪੰਚਾਇਤ ਸੰਮਤੀ ਅਜਨਾਲਾ ਅਤੇ ਰਾਮਦਾਸ ਲਈ ਰਵਿੰਦਰ ਸਿੰਘ ਅਰੋੜਾ ਉਪ ਮੰਡਲ ਮੈਜਿਸਟਰੇਟ ਅਜਨਾਲਾ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਮਜ਼ਦਗੀਆਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਜਨਾਲਾ ਵਿਖੇ ਸਵੀਕਾਰ ਕੀਤੀਆਂ ਜਾਣਗੀਆਂ।
ਪੰਚਾਇਤ ਸੰਮਤੀ ਚੋਗਾਵਾਂ ਅਤੇ ਹਰਸ਼ਾ ਛੀਨਾ ਲਈ ਐਸਡੀਐਮ ਲੋਪੋਕੇ ਖੁਸ਼ਪ੍ਰੀਤ ਸਿੰਘ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਦਫਤਰ ਕਾਰਜਸਾਧਕ ਅਫਸਰ ਨਗਰ ਪੰਚਾਇਤ ਰਾਜਾ ਸਾਂਸੀ ਵਿਖੇ ਨਾਮਜਦਗੀਆਂ ਪ੍ਰਾਪਤ ਕਰਨਗੇ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਰਈਆ ਲਈ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸ੍ਰੀਮਤੀ ਰੋਬਨਜੀਤ ਕੌਰ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਕੋਟ ਰੂਮ ਦਫਤਰ ਉਪ ਮੰਡਲ ਮੈਜਿਸਟਰੇਟ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਨਾਮਜ਼਼ਦਗੀਆਂ ਪ੍ਰਾਪਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਮੀਦਵਾਰ ਖੁਦ ਜਾਂ ਉਸਦਾ ਅਧਿਕਾਰਤ ਤਜ਼ਵੀਜ਼ਕਰਤਾ (ਲਿਖਤੀ ਤੌਰ 'ਤੇ ਅਧਿਕਾਰਤ) ਐਲਾਨੇ ਗਏ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਦਾ ਹੈ ਜਾਂ ਵਾਪਸ ਲੈ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਸੀਟਾਂ ਲਈ ਮਤਦਾਨ ਹੋਣ ਦੀ ਸੂਰਤ ਵਿੱਚ, ਚੋਣਾਂ ਨੂੰ ਸੁਚਾਰੂ ਅਤੇ ਕੁਸ਼ਲਤਾ ਨਾਲ ਕਰਵਾਉਣ ਲਈ ਸੁਰੱਖਿਆ, ਪੋਲਿੰਗ ਸਟਾਫ ਦੀ ਤਾਇਨਾਤੀ, ਸਿਖਲਾਈ ਅਤੇ ਸਮੱਗਰੀ ਪ੍ਰਬੰਧਨ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਪਹਿਲਾਂ ਤੋਂ ਹੀ ਯਕੀਨੀ ਬਣਾਏ ਜਾਣਗੇ। ਉਨ੍ਹਾਂ ਸਾਰੇ ਫੀਲਡ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਚੋਣ ਪ੍ਰਕਿਰਿਆ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਨਿਰੰਤਰ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਮਤਦਾਨ 14 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ।
- PTC NEWS