Operation Sindhu ਤਹਿਤ ਈਰਾਨ ਤੋਂ 256 ਹੋਰ ਭਾਰਤੀ ਵਿਦਿਆਰਥੀਆਂ ਨੂੰ ਲਿਆਂਦਾ ਭਾਰਤ
Operation Sindhu : ਮਹਾਨ ਏਅਰ ਦੀ ਇੱਕ ਉਡਾਣ 256 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰੀ, ਜਿਸ ਨਾਲ ਉਨ੍ਹਾਂ ਦੇ ਚਿੰਤਤ ਪਰਿਵਾਰਾਂ ਨੂੰ ਬਹੁਤ ਰਾਹਤ ਮਿਲੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਕਸ਼ਮੀਰ ਘਾਟੀ ਦੇ ਹਨ। ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਵਿੱਚ ਫਸੇ ਬਹੁਤ ਸਾਰੇ ਵਿਦਿਆਰਥੀ ਉੱਥੇ ਡਰ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨ ਤੋਂ ਬਾਅਦ ਥੱਕੇ ਹੋਏ ਨਜ਼ਰ ਆ ਰਹੇ ਸਨ
ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਇਰਾਨੀ ਅਧਿਕਾਰੀਆਂ ਨਾਲ ਸਮੇਂ ਸਿਰ ਤਾਲਮੇਲ ਅਤੇ ਯਤਨਾਂ ਲਈ ਭਾਰਤ ਸਰਕਾਰ ਦਾ ਧੰਨਵਾਦ। ਅਸੀਂ ਬਾਕੀ ਵਿਦਿਆਰਥੀਆਂ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।" ਐਸੋਸੀਏਸ਼ਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਹੋਰ ਉਡਾਣ ਰਾਤ 11:30 ਵਜੇ ਦੇ ਕਰੀਬ ਰਾਸ਼ਟਰੀ ਰਾਜਧਾਨੀ ਪਹੁੰਚਣ ਦੀ ਉਮੀਦ ਹੈ।
'ਆਪ੍ਰੇਸ਼ਨ ਸਿੰਧੂ' ਤਹਿਤ 24 ਘੰਟਿਆਂ ਦੇ ਅੰਦਰ ਈਰਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਵਾਲੀ ਇਹ ਦੂਜੀ ਉਡਾਣ ਸੀ। ਇਰਾਨ ਦੇ ਮਸ਼ਹਦ ਤੋਂ ਇੱਕ ਹੋਰ ਉਡਾਣ ਸ਼ੁੱਕਰਵਾਰ ਦੇਰ ਰਾਤ ਦਿੱਲੀ ਪਹੁੰਚੀ ਸੀ। ਇਸ ਵਿੱਚ 290 ਭਾਰਤੀ ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੰਮੂ ਅਤੇ ਕਸ਼ਮੀਰ ਦੇ ਹਨ।
ਭਾਰਤੀ ਅਧਿਕਾਰੀਆਂ ਨੇ ਆਪਣੇ ਈਰਾਨੀ ਹਮਰੁਤਬਾ ਨਾਲ ਤਾਲਮੇਲ ਕੀਤਾ ਤਾਂ ਜੋ ਤਹਿਰਾਨ ਵਿੱਚ ਫਸੇ ਵਿਦਿਆਰਥੀਆਂ ਨੂੰ ਮਸ਼ਹਦ ਪਹੁੰਚਣ ਵਿੱਚ ਸਹਾਇਤਾ ਕੀਤੀ ਜਾ ਸਕੇ ਤਾਂ ਜੋ ਉਹ ਉੱਥੋਂ ਆਪਣੀ ਉਡਾਣ ਫੜ ਸਕਣ। ਈਰਾਨ ਨੇ ਵੀ ਨਿਕਾਸੀ ਵਿੱਚ ਸਹਾਇਤਾ ਲਈ ਵਿਸ਼ੇਸ਼ ਕਦਮ ਚੁੱਕੇ ਅਤੇ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ। ਕੁੱਲ ਮਿਲਾ ਕੇ ਲਗਭਗ 1,000 ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਘਰ ਲਿਆਂਦਾ ਜਾ ਰਿਹਾ ਹੈ। ਦੋ ਹੋਰ ਉਡਾਣਾਂ ਵੀ ਪਹੁੰਚਣ ਵਾਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੇ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਤ ਤੋਂ ਐਤਵਾਰ ਸਵੇਰੇ 3 ਵਜੇ ਦੇ ਕਰੀਬ ਪਹੁੰਚਣ ਦੀ ਉਮੀਦ ਹੈ।
- PTC NEWS