Fri, Mar 28, 2025
Whatsapp

Sukhbir Singh Badal : ''ਚੁੱਪ ਹੋ ਜਾ...ਵਰਨਾ ਸੁਖਬੀਰ ਆ ਜਾਏਗਾ।" ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਪਾਈ ਪੋਸਟ

Pali Bhupinder Singh Post : ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਮੈਨੂੰ ਇਸ ਵਿਅਕਤੀ ਤੋਂ ਈਰਖਾ ਹੋ ਰਹੀ ਹੈ, ਕਿਉਂ ਹਰ ਕੋਈ ਇਸ ਦੀ ਗੱਲ ਹੀ ਕਰ ਰਿਹਾ ਹੈ, ਗੱਲ ਕੀ ਸਭ ਦਾ ਨਿਸ਼ਾਨਾ ਇੱਕ ਹੀ ਹੈ...ਸੁਖਬੀਰ ਸਿੰਘ ਬਾਦਲ।

Reported by:  PTC News Desk  Edited by:  KRISHAN KUMAR SHARMA -- March 12th 2025 09:29 PM -- Updated: March 12th 2025 09:33 PM
Sukhbir Singh Badal : ''ਚੁੱਪ ਹੋ ਜਾ...ਵਰਨਾ ਸੁਖਬੀਰ ਆ ਜਾਏਗਾ।

Sukhbir Singh Badal : ''ਚੁੱਪ ਹੋ ਜਾ...ਵਰਨਾ ਸੁਖਬੀਰ ਆ ਜਾਏਗਾ।" ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਪਾਈ ਪੋਸਟ

Sukhbir Singh Badal Wanted : ਪੰਜਾਬ ਦੇ ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ (Pali Bhupinder Singh) ਨੇ ਮੌਜੂਦਾ ਸਮੇਂ ਚੱਲ ਰਹੀ ਪੰਜਾਬ ਦੀ ਸਿਆਸਤ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਫੇਸਬੁੱਕ 'ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਮੈਨੂੰ ਇਸ ਵਿਅਕਤੀ ਤੋਂ ਈਰਖਾ ਹੋ ਰਹੀ ਹੈ, ਕਿਉਂ ਹਰ ਕੋਈ ਇਸ ਦੀ ਗੱਲ ਹੀ ਕਰ ਰਿਹਾ ਹੈ, ਗੱਲ ਕੀ ਸਭ ਦਾ ਨਿਸ਼ਾਨਾ ਇੱਕ ਹੀ ਹੈ...ਸੁਖਬੀਰ ਸਿੰਘ ਬਾਦਲ।

''ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ... ਸੁਖਬੀਰ ਸਿੰਘ ਬਾਦਲ।''


ਪਾਲੀ ਭੁਪਿੰਦਰ ਨੇ ਆਪਣੀ ਪੋਸਟ 'ਚ ਲਿਖਿਆ, ''ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ। ਇਹ ਅਰਾਮ ਨਾਲ ਆਪਣੇ ਕੰਮ-ਧੰਦਿਆਂ 'ਚ ਤੁਰਿਆ ਫਿਰਦਾ ਤੇ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਦੁਆਲੇ ਤੁਰੀ ਫਿਰਦੀ ਹੈ। ਕੇਂਦਰ ਸਰਕਾਰ, ਸੂਬਾ ਸਰਕਾਰ, ਵਿਰੋਧੀ, ਵਿਰੋਧੀਆਂ ਦੇ ਬੁਲਾਰੇ, ਬਾਗੀ, ਪੰਥਕ, ਏਜੰਸੀਆਂ, ਆਈ. ਟੀ. ਸੈੱਲ, ਅਖਬਾਰ, ਚੈਨਲ, ਰਾਜਨੀਤੀ ਮਾਹਿਰ, ਫੇਸਬੁਕੀ ਵਿਦਵਾਨ; ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ... ਸੁਖਬੀਰ ਸਿੰਘ ਬਾਦਲ। ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ, ਮੈਂ ਜਿਊਂਦੇ ਜੀਅ ਅਮਰ ਹੋ ਗਿਆ ਹੁੰਦਾ।''

''ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ, ਜਿੰਨਾ ਸੁਖਬੀਰ ਸਿੰਘ ਬਾਦਲ''

ਲੇਖਕ ਨੇ ਅੰਗਰੇਜ਼ੀ ਵਿੱਚ 'ਵਾਂਟੇਡ - ਸੁਖਬੀਰ ਸਿੰਘ ਸਿੰਘ' ਸਿਰਲੇਖ ਹੇਠ ਆਗੂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਅੱਗੇ ਲਿਖਿਆ ਹੈ, ''ਲੱਗਦਾ ਹੈ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ-ਧੰਦੇ, ਨੌਕਰੀਆਂ, ਵਪਾਰ, ਰਿਸ਼ਤੇਦਾਰੀਆਂ, ਜੰਮਣੇ-ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਹੈ, ਇਸ ਦੀ ਚਰਚਾ। ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ। ਮੋਕਸ਼ ਇੰਨਾ ਨਹੀਂ ਚਾਹੀਦਾ। ਪਿਆਰ, ਮੁਹੱਬਤ, ਸਕੂਨ, ਖੁਸ਼ੀ ਕੁਝ ਇੰਨਾ ਨਹੀਂ ਚਾਹੀਦਾ, ਜਿੰਨਾ ਸਭ ਨੂੰ ਸੁਖਬੀਰ ਚਾਹੀਦਾ ਹੈ। ਕਿਸੇ ਨੂੰ ਉਹ ਅਕਾਲੀ ਦਲ 'ਚੋਂ ਬਾਹਰ ਚਾਹੀਦਾ ਹੈ। ਕਿਸੇ ਨੂੰ ਉਹ ਅੰਦਰ ਚਾਹੀਦਾ ਹੈ। ਕਿਸੇ ਨੂੰ ਉਹ ਛਾਂਗਿਆ ਚਾਹੀਦਾ ਹੈ। ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਹੈ ਤੇ ਕਿਸੇ ਨੂੰ 'ਉੱਤੇ ਉੱਠਿਆ' ਚਾਹੀਦਾ ਹੈ। ਹਾਲੇ ਮੈਨੂੰ ਪਤਾ ਨਹੀਂ ਜੇ ਗਿਆਰਾਂ ਮੁਲਕਾਂ ਦੀ  ਪੁਲਿਸ ਦੇ ਨਾਲ-ਨਾਲ ਉਹ ਇੰਟਰਪੋਲ, ਨਾਸਾ, ਟਰੰਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ। ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਸੋਚਦਾ ਵੀ ਨਹੀਂ ਕਿ ਉਹ ਸਭ ਨੂੰ ਕਿਉਂ ਚਾਹੀਦਾ ਹੈ!''

''...ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।"

ਭੁਪਿੰਦਰ ਸਿੰਘ ਨੇ ਅੱਗੇ ਲਿਖਿਆ, ''ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕਿਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਇਸ ਬੰਦੇ ਨੂੰ ਵਾਪਿਸ ਆਉਣ ਤੋਂ ਰੋਕਣ ਤੇ ਲੱਗਿਆ ਹੋਇਆ ਹੈ। ਸਭ ਦਾ 'ਬਾਣੀਏ ਨੇ ਜੱਟ ਢਾਅ ਲਿਆ ਉੱਤੇ ਪਏ ਦਾ ਕਲੇਜਾ ਧੜਕੇ' ਵਾਲਾ ਹਾਲ ਹੈ। ਉਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋਊ ਪਰ ਇੰਨਾ ਹਊਆ ਕਿ "ਕਿਸੀ ਪਾਰਟੀ ਕੇ ਨੇਤਾ ਜਬ ਰੋਤੇ  ਹੈਂ ਤੋਂ ਹਾਈ ਕਮਾਨ ਕਹਿਤਾ ਹੈ, ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।''

ਪੋਸਟ ਦੇ ਅਖੀਰ 'ਚ ਉਨ੍ਹਾਂ ਕਿਹਾ ਕਿ ਉਹਦੀ (ਸੁਖਬੀਰ ਸਿੰਘ ਬਾਦਲ) ਕਦੇ ਲੱਤ 'ਤੇ ਪਲੱਸਤਰ ਲੱਗ ਜਾਂਦਾ ਹੈ, ਕਦੇ ਮੋਢੇ 'ਤੇ ਪਰ ਉੱਖੜ ਪੰਜਾਬ ਦੀ ਸਾਰੀ ਸਿਆਸਤ ਜਾਂਦੀ ਹੈ। ਮੈਨੂੰ ਸੱਚੀਂ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕਿਤੇ ਨਹੀਂ ਪਰ ਲੱਗਦਾ ਹੈ ਜਿਵੇਂ ਸਭ ਕਿਤੇ ਇਹੀ ਹੈ।

- PTC NEWS

Top News view more...

Latest News view more...

PTC NETWORK