School Bus: ਹਰਿਆਣਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 8-10 ਬੱਚਿਆਂ ਨੂੰ ਕੱਢਿਆ ਸੁਰੱਖਿਅਤ ਬਾਹਰ
ਪਲਵਲ: ਅੱਜ ਸਵੇਰੇ ਹਰਿਆਣਾ ਦੇ ਪਲਵਲ ਵਿੱਚ ਇੱਕ ਖ਼ੌਫਨਾਕ ਘਟਨਾ ਵਾਪਰੀ ਹੈ। ਜਿੱਥੇ ਇੱਕ ਸਕੂਲ ਬੱਸ ਜੋ ਕਿ ਬੱਚਿਆਂ ਨਾਲ ਭਰੀ ਹੋਈ ਸੀ, ਨੂੰ ਅਚਾਨਕ ਅੱਗ ਲੱਗ ਗਈ। ਸਮਾਂ ਰਹਿੰਦਿਆਂ ਹੀ ਬੱਸ 'ਚ ਬੈਠੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਸਮੇਂ ਬੱਸ 'ਚ 8 ਤੋਂ 10 ਬੱਚੇ ਬੈਠੇ ਸਨ।
ਬੱਸ ਚਾਲਕ ਭਗਤ ਨੇ ਦੱਸਿਆ ਕਿ ਬੱਸ ਜੀ.ਟੀ ਰੋਡ 'ਤੇ ਖੜ੍ਹੀ ਸੀ ਤਾਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਬੱਸ ਨੂੰ ਅੱਗ ਲੱਗ ਗਈ। ਡਰਾਈਵਰ ਨੇ ਦੱਸਿਆ ਕਿ ਗੋਇਲ ਸਕੂਲ ਨੂੰ ਜਾਣ ਵਾਲੀ ਬੱਸ ਵਿੱਚ 8-10 ਬੱਚੇ ਮੌਜੂਦ ਸਨ। ਮੀਡੀਆ ਰਿਪੋਰਟ ਅਨੁਸਾਰ ਡਰਾਈਵਰ ਦਾ ਦੋਸ਼ ਹੈ ਕਿ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਫਿਰ ਵੀ ਫਾਇਰ ਬ੍ਰਿਗੇਡ ਦੀ ਗੱਡੀ ਦੇਰੀ ਨਾਲ ਪੁੱਜੀ।
ਫਾਇਰ ਵਿਭਾਗ ਦੀ ਲਾਪਰਵਾਹੀ
ਮੀਡੀਆ ਰਿਪੋਰਟਾਂ ਅਨੁਸਾਰ ਦੇਰ ਨਾਲ ਪਹੁੰਚਣ 'ਤੇ ਵੀ ਫਾਇਰ ਵਿਭਾਗ ਦੀ ਲਾਪ੍ਰਵਾਹੀ ਦੇਖਣ ਨੂੰ ਮਿਲੀ। ਡਰਾਈਵਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰੈਸ਼ਰ ਕੰਮ ਨਹੀਂ ਕਰ ਰਿਹਾ ਸੀ। ਅਜਿਹੇ 'ਚ ਗੱਡੀ 'ਚੋਂ ਪਾਣੀ ਨਹੀਂ ਨਿਕਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪ੍ਰੈਸ਼ਰ ਹਾਰਨ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰੈਸ਼ਰ ਨਹੀਂ ਚੱਲਿਆ।
ਇਸ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਨੇ ਦੂਜੀ ਗੱਡੀ ਮੰਗਵਾਈ, ਜਦੋਂ ਤੱਕ ਦੂਜੀ ਗੱਡੀ ਪੁੱਜੀ, ਬੱਸ ਦੀਆਂ ਲਪਟਾਂ ਨੇੜਲੀ ਜੁੱਤੀਆਂ ਦੀ ਦੁਕਾਨ ਤੱਕ ਪਹੁੰਚ ਗਈਆਂ। ਜੁੱਤੀਆਂ ਦੀ ਦੁਕਾਨ ਦੇ ਬਾਹਰ ਲੱਗੇ ਸਾਈਨ ਬੋਰਡ ਅਤੇ ਤਰਪਾਲ ਨੂੰ ਅੱਗ ਲੱਗ ਗਈ ਸੀ। ਦੁਕਾਨ ਦੇ ਸਾਹਮਣੇ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱ'ਚ ਕਰੰਟ ਲੱਗਣ ਕਾਰਨ ਅੱਗ ਬੁਝਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਬਿਜਲੀ ਵਿਭਾਗ ਦੇ ਐਸਡੀਓ ਜਸਵੀਰ ਸਿੰਘ ਨੂੰ ਫੋਨ 'ਤੇ ਬਿਜਲੀ ਬੰਦ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਤੁਰੰਤ ਬਿਜਲੀ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ: Salman Khan Gets Death Threat: ਸਲਮਾਨ ਖ਼ਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਕਾਲਰ ਨੇ ਦੱਸੀ ਇਹ ਤਰੀਖ
- PTC NEWS