Parvinder Jhota Murder : ਰੋਟੀ ਆ ਕੇ ਖਾਊਂਗਾ...! ਪਰਵਿੰਦਰ ਝੋਟੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ, ਪਿਤਾ ਨੇ ਸਸਕਾਰ ਤੋਂ ਕੀਤਾ ਇਨਕਾਰ
Parvinder Jhota Murder : ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਪਿੱਛੋਂ ਪੰਜਾਬ ਭਰ 'ਚ ਹਾਹਾਕਾਰ ਮੱਚੀ ਹੋਈ ਹੈ। ਜਾਣਕਾਰੀ ਅਨੁਸਾਰ ਪਰਵਿੰਦਰ ਝੋਟੇ ਦੇ ਪਿਤਾ ਨੇ ਰੋਸ ਵੱਜੋਂ ਆਪਣੇ ਪੁੱਤ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਧਰ, ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ, ਜੋ ਉਸ ਨਾਲ ਆਪਣੀ ਆਖਰੀ ਵਾਰ ਹੋਈ ਗੱਲ ਨੂੰ ਵਾਰ-ਵਾਰ ਯਾਦ ਕਰਕੇ ਹੰਝੂ ਵਹਾਅ ਰਹੀ ਹੈ।
ਪਰਵਿੰਦਰ ਝੋਟੇ ਦੀ ਮਾਂ ਆਪਣੇ ਪੁੱਤਰ ਦੀ ਲਾਸ਼ ਕੋਲ ਰੋਂਦੀ ਹੋਈ ਦੇਖੀ ਗਈ। ਆਪਣੇ ਪੁੱਤਰ ਨੂੰ ਗੁਆਉਣ ਦਾ ਦਰਦ ਜ਼ਾਹਰ ਕਰਦੇ ਹੋਏ ਉਸਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਸਵਾਲ ਉਠਾਏ।
'ਮੇਰਾ ਪੁੱਤ ਨੂੰ ਨਸ਼ਿਆਂ ਖਿਲਾਫ਼ ਲੜਨ ਦੀ ਸਜ਼ਾ ਮਿਲੀ'
ਪੀੜਤ ਮਾਂ ਨੇ ਕਿਹਾ, "ਮੇਰਾ ਪੁੱਤਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਲੜ ਰਿਹਾ ਸੀ, ਪਰ ਉਸਨੇ ਆਪਣੀ ਜਾਨ ਗੁਆ ਦਿੱਤੀ।" ਇਸ ਦੌਰਾਨ, ਝੋਠਾ ਦੇ ਸਮਰਥਕਾਂ ਨੇ ਇਸ ਕਤਲ ਨੂੰ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨਾਲ ਜੋੜਿਆ ਹੈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਅਤੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫਤਾਰੀ ਦੇ ਨਾਲ-ਨਾਲ ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਇਸ ਘਟਨਾ ਪਿੱਛੇ ਕੋਈ ਸਾਜ਼ਿਸ਼ ਸੀ।
ਮਾਂ ਨੇ ਰੋਂਦਿਆਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਲੋਕਾਂ ਦੇ ਬੱਚਿਆਂ ਅਤੇ ਧੀਆਂ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ ਆਵਾਜ਼ ਉਠਾ ਰਿਹਾ ਸੀ। ਉਹ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ ਅਤੇ ਨੌਜਵਾਨਾਂ ਦਾ ਭਵਿੱਖ ਬਚਾਉਣਾ ਚਾਹੁੰਦਾ ਸੀ। ਮਾਂ ਨੇ ਦੋਸ਼ ਲਾਇਆ ਕਿ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ, “ਮੇਰਾ ਸੋਨੇ ਵਰਗਾ ਪੁੱਤ ਖੋਹ ਲਿਆ, ਸਰਕਾਰ ਦਾ ਬੇੜਾ ਗਰਕ ਹੋ ਜਾਵੇ।”
'ਕਹਿੰਦਾ ਸੀ ਮਾਂ ਰੋਟੀ ਬਣਾ ਕੇ ਰੱਖੀਂ, ਆ ਕੇ ਖਾਊਂਗਾ'
ਆਖਰੀ ਮੁਲਾਕਾਤ ਨੂੰ ਯਾਦ ਕਰਦਿਆਂ ਮਾਂ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਪਹਿਲਾਂ ਪਰਮਿੰਦਰ ਨੇ ਉਨ੍ਹਾਂ ਦੇ ਪੈਰ ਛੂਹੇ ਸਨ। ਜਾਂਦੇ ਸਮੇਂ ਉਸ ਨੇ ਕਿਹਾ ਸੀ, “ਮਾਂ, ਮੇਰੀ ਰੋਟੀ ਬਣਾ ਕੇ ਰੱਖੀਂ, ਮੈਂ ਵਾਪਸ ਆ ਕੇ ਖਾਵਾਂਗਾ।” ਮਾਂ ਨੂੰ ਉਮੀਦ ਸੀ ਕਿ ਪੁੱਤ ਆਪਣਾ ਕੰਮ ਮੁਕਾ ਕੇ ਵਾਪਸ ਘਰ ਆ ਜਾਵੇਗਾ, ਪਰ ਉਹ ਮੁੜ ਕੇ ਘਰ ਨਹੀਂ ਆਇਆ।
ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ, ਆਪ ਵਿਧਾਇਕ 'ਤੇ ਲਾਏ ਗੰਭੀਰ ਇਲਜ਼ਾਮ
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ‘ਆਪ’ ਵਿਧਾਇਕ ਵਿਜੈ ਸਿੰਗਲਾ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਹਿ ’ਤੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਰਿਵਾਰ ਮੁਤਾਬਕ ਪਰਵਿੰਦਰ ਨੂੰ ਪਹਿਲਾਂ ਹੀ ਜਾਨ ਦਾ ਖ਼ਤਰਾ ਸੀ, ਪਰ ਪੰਜਾਬ ਸਰਕਾਰ ਨੇ ਉਸ ਨੂੰ ਸੁਰੱਖਿਆ ਨਹੀਂ ਦਿੱਤੀ। ਪਿਤਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਨ ਦੀ ਸਜ਼ਾ ਉਨ੍ਹਾਂ ਦੇ ਪੁੱਤ ਨੂੰ ਜਾਨ ਦੇ ਕੇ ਚੁਕਾਉਣੀ ਪਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਪੋਤਿਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਪਰਿਵਾਰ ਨੇ ਇਨਸਾਫ਼ ਅਤੇ ਸੁਰੱਖਿਆ ਮਿਲਣ ਤੱਕ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ...
- PTC NEWS