MLA Harmeet Pathanmajra : ਪਟਿਆਲਾ ਅਦਾਲਤ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜਿਆ
MLA Harmeet Pathanmajra : ਪਟਿਆਲਾ ਅਦਾਲਤ ਨੇ ਆਮ ਆਦਮੀ ਪਾਰਟੀ (AAP Punjab) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪਟਿਆਲਾ ਪੁਲਿਸ (Patiala Police) ਨੇ ਅੱਜ ਪਠਾਨਮਾਜਰਾ ਨੂੰ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਸੀ, ਜਿਥੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰੰਤੂ ਅਦਾਲਤ ਨੇ 4 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ।
ਦੱਸ ਦਈਏ ਕਿ ਇਸਤੋਂ ਪਹਿਲਾਂ ਪਟਿਆਲਾ ਪੁਲਿਸ ਨੇ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਠਾਣਮਾਜਰਾ ਖਿਲਾਫ ਜ਼ਬਰਜਨਾਹ, ਧੋਖਾਧੜੀ ਤੇ ਅਪਰਾਧਿਕ ਧਮਕੀਆਂ ਦੇ ਇਲਜ਼ਾਮਾਂ ਹੇਠ ਐਫਆਈਆਰ ਦਰਜ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਪਹਿਲਾਂ ਹੀ ਪਠਾਣਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ।
ਐਸਐਸਪੀ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਪਠਾਣਮਾਜਰਾ ਸਣੇ 3 ਸਾਥੀਆਂ ਨੂੰ ਕਾਬੂ ਕੀਤਾ ਗਿਆ ਸੀ। ਪੁਲਿਸ ਦੀ ਟੀਮ ਪਠਾਣਮਾਜਰਾ ਨੂੰ ਗਵਾਲੀਅਰ ਤੋਂ ਪਟਿਆਲਾ ਲੈ ਕੇ ਆਈ ਸੀ, ਜਿਸ ਤੋਂ ਬਾਅਦ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਕੌਣ ਹਨ ਪਠਾਣਮਾਜਰਾ ?
ਹਰਮੀਤ ਸਿੰਘ ਪਠਾਣਮਾਜਰਾ ਆਮ ਆਦਮੀ ਪਾਰਟੀ ਦੇ ਇੱਕ ਨੌਜਵਾਨ ਵਿਧਾਇਕ ਹਨ। 46 ਸਾਲਾ ਹਰਮੀਤ ਸਿੰਘ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 2022 ਦੀਆਂ ਸਨੌਰ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਭਾਰੀ ਜਿੱਤ ਪ੍ਰਾਪਤ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਹਰਮੀਤ ਸਿੰਘ ਪਠਾਣਮਾਜਰਾ ਹਾਲ ਹੀ ਵਿੱਚ ਆਪਣੀ ਹੀ ਪਾਰਟੀ ਵਿਰੁੱਧ ਆਵਾਜ਼ ਬੁਲੰਦ ਕਰਨ ਕਰਕੇ ਸੁਰਖੀਆਂ ਵਿੱਚ ਆਏ ਸਨ।
ਕੀ ਹੈ ਪੂਰਾ ਮਾਮਲਾ ?
ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਇਸ ਵਿੱਚ ਇਲਜ਼ਾਮ ਹੈ ਕਿ ਪਠਾਣਮਾਜਰਾ ਨੇ ਸ਼ਿਕਾਇਤਕਰਤਾ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਲਚ ਦੇ ਕੇ ਸਾਲਾਂ ਦੌਰਾਨ ਲੱਖਾਂ ਰੁਪਏ ਦੀ ਠੱਗੀ ਮਾਰੀ। ਇਸ ਤੋਂ ਇਲਾਵਾ, ਜਦੋਂ ਉਸਨੇ ਉਸਦੇ ਪੈਸੇ ਵਾਪਸ ਮੰਗੇ ਤਾਂ ਉਸਨੇ ਧਮਕੀਆਂ ਦਿੱਤੀਆਂ।
ਐਫਆਈਆਰ ਦੇ ਅਨੁਸਾਰ, ਵਿਧਾਇਕ 'ਤੇ ਇੱਕ ਔਰਤ ਨੂੰ ਤਲਾਕਸ਼ੁਦਾ ਦੱਸ ਕੇ ਅਤੇ ਵਿਆਹ ਦੀ ਮੰਗ ਕਰਕੇ ਧੋਖਾ ਦੇਣ ਦਾ ਦੋਸ਼ ਹੈ। ਸੋਸ਼ਲ ਮੀਡੀਆ 'ਤੇ ਇੱਕ ਜਾਣ-ਪਛਾਣ ਨਾਲ ਸ਼ੁਰੂ ਹੋਇਆ ਇਹ ਰਿਸ਼ਤਾ ਹੌਲੀ-ਹੌਲੀ ਵਿਆਹ ਅਤੇ ਫਿਰ ਸਰੀਰਕ ਸ਼ੋਸ਼ਣ ਤੱਕ ਵਧਿਆ।
ਪੀੜਤ ਨੇ 14 ਅਗਸਤ, 2022 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ, ਉਦੋਂ ਤੋਂ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਨਹੀਂ ਕੀਤੀ ਸੀ, ਜਿਸਤੋਂ ਬਾਅਦ ਹੁਣ ਤਿੰਨ ਸਾਲ ਬਾਅਦ ਪੁਲਿਸ ਨੇ ਪਠਾਨਮਾਜਰਾ ਵਿਰੁੱਧ ਧਾਰਾ 420 (ਧੋਖਾਧੜੀ), 506 (ਧਮਕਾਉਣਾ) ਅਤੇ 376 (ਬਲਾਤਕਾਰ) ਦੇ ਤਹਿਤ ਮਾਮਲਾ ਦਰਜ ਕੀਤਾ।
- PTC NEWS