PMAY ਦੀ ਰਕਮ 'ਚ ਘੁਟਾਲਾ, ਗ਼ਰੀਬ ਦਾ ਹੱਕ ਖਾਣ ਵਾਲਾ ਪਟਿਆਲਾ ਨਗਰ ਨਿਗਮ ਦਾ ਕਲਰਕ ਗ੍ਰਿਫ਼ਤਾਰ
Patiala Municipal Corporation Scam : ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) (PMAY) ਤਹਿਤ ਜਾਰੀ ਕੀਤੀ ਗਈ ਸਹਾਇਤਾ ਰਾਸ਼ੀ ਵਿੱਚ ਗੜਬੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਨਗਰ ਨਿਗਮ ਵਿੱਚ ਹੜਕੰਪ ਮਚ ਗਿਆ। ਨਗਰ ਨਿਗਮ ਦੀ ਸ਼ਿਕਾਇਤ 'ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਅਕਾਊਂਟ ਬ੍ਰਾਂਚ ਵਿੱਚ ਤਾਇਨਾਤ ਕਲਰਕ ਅਮਨਦੀਪ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਮਾਮਲੇ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਵੀਰਵਾਰ ਨੂੰ ਨਿਗਮ ਦਫ਼ਤਰ ਵਿੱਚ ਦਿਨ ਭਰ ਹਲਚਲ ਰਹੀ। (Scam in Patiala)
ਲਾਭ ਹੋਇਆ ਜਾਰੀ, ਪਰ ਗ਼ਰੀਬ ਦੇ ਖਾਤੇ 'ਚ ਨਾ ਪਹੁੰਚਿਆ
ਜਾਣਕਾਰੀ ਅਨੁਸਾਰ ਇੱਕ ਗਰੀਬ ਵਿਅਕਤੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਨਗਰ ਨਿਗਮ ਵਿੱਚ ਅਰਜ਼ੀ ਦਿੱਤੀ ਸੀ। ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਨਿਗਮ ਵੱਲੋਂ ਲਾਭਪਾਤਰੀ ਲਈ 1.50 ਲੱਖ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ। ਇਸ ਦੇ ਬਾਵਜੂਦ ਸੰਬੰਧਤ ਵਿਅਕਤੀ ਲਗਾਤਾਰ ਨਿਗਮ ਦਫ਼ਤਰ ਦੇ ਚੱਕਰ ਲਗਾਉਂਦਾ ਰਿਹਾ ਅਤੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਾ ਰਿਹਾ ਕਿ ਉਸ ਦੇ ਬੈਂਕ ਖਾਤੇ ਵਿੱਚ ਯੋਜਨਾ ਦੀ ਰਕਮ ਨਹੀਂ ਪਹੁੰਚੀ।
ਗ਼ਰੀਬ ਦੇ ਖਾਤੇ ਦੀ ਥਾਂ ਕਲਰਕ ਨੇ ਆਪਣਾ ਖਾਤਾ ਜੋੜਿਆ
ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਲਾਭਪਾਤਰੀ ਦੇ ਬੈਂਕ ਖਾਤੇ ਦੀ ਥਾਂ ਅਕਾਊਂਟ ਬ੍ਰਾਂਚ ਦੇ ਕਲਰਕ ਅਮਨਦੀਪ ਸਿੰਘ ਨੇ ਆਪਣਾ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ ਸੀ, ਜਿਸ ਕਾਰਨ ਯੋਜਨਾ ਦੀ ਰਕਮ ਕਲਰਕ ਦੇ ਖਾਤੇ ਵਿੱਚ ਚਲੀ ਗਈ।
ਪੁਲਿਸ ਨੇ ਹਿਰਾਸਤ 'ਚ ਲਿਆ ਮੁਲਜ਼ਮ
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀਆਂ ਨੇ ਪੂਰੀ ਰਿਪੋਰਟ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਸਾਹਮਣੇ ਪੇਸ਼ ਕੀਤੀ। ਇਸ ਤੋਂ ਬਾਅਦ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਭੇਜੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸੰਬੰਧਤ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਂਚ ਲਈ ਵਿਭਾਗੀ ਕਮੇਟੀ ਦਾ ਗਠਨ
ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਇੱਕ ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਕਮੇਟੀ ਪੂਰੇ ਘਟਨਾਕ੍ਰਮ ਦੀ ਜਾਂਚ ਕਰੇਗੀ ਅਤੇ ਉਸ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮਤਾ ਜਾਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ... 'Mawan Dhiyan Satkar Yojana' 'ਚ ਵੱਡਾ ਘਪਲਾ, ਤਰਨਤਾਰਨ 'ਚ 62 ਔਰਤਾਂ ਦਾ ਇੱਕੋ ਬੈਂਕ ਖਾਤਾ
- PTC NEWS