MP ਦੇ ਨਵੇਂ CM ਮੋਹਨ ਯਾਦਵ ਕੋਲ ਕਿੰਨੀ ਜਾਇਦਾਦ? ਤੇ ਕਿੰਨੀ ਕੀਤੀ ਹੋਈ ਪੜ੍ਹਾਈ, ਜਾਣੋ ਵੇਰਵੇ
PTC News Desk: ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਸੂਬੇ ਦੀ ਸੱਤਾਧਾਰੀ ਭਾਜਪਾ ਨੇ ਵਿਰੋਧੀ ਕਾਂਗਰਸ ਨੂੰ ਹਰਾ ਕੇ ਮੱਧ ਪ੍ਰਦੇਸ਼ ਵਿੱਚ ਮੁੜ ਸਰਕਾਰ ਬਣਾ ਲਈ ਹੈ। ਪਿਛਲੀ ਸਰਕਾਰ ਵਿੱਚ ਉਚੇਰੀ ਸਿੱਖਿਆ ਮੰਤਰੀ ਮੋਹਨ ਯਾਦਵ ਨੇ ਉਜੈਨ ਦੱਖਣੀ ਸੀਟ ਤੋਂ ਚੋਣ ਜਿੱਤੀ ਸੀ। ਉਜੈਨ ਜ਼ਿਲ੍ਹੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ 58 ਸਾਲਾ ਮੋਹਨ ਯਾਦਵ ਦੀ ਨਿਯੁਕਤੀ ਉਨ੍ਹਾਂ ਦੇ ਪੂਰਵਵਰਤੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਵਿੱਚ ਉਨ੍ਹਾਂ ਦੇ ਸਿਆਸੀ ਕੰਮ ਨੂੰ ਦੇਖਦੇ ਹੋਏ ਕੀਤੀ ਗਈ ਗਈ।
ਪੀ.ਐੱਚ.ਡੀ ਵੀ ਕਰ ਚੁੱਕੇ ਨੇ ਯਾਦਵ
ਮੋਹਨ ਯਾਦਵ ਦਾ ਜਨਮ 25 ਮਾਰਚ 1965 ਨੂੰ ਉਜੈਨ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਪੂਨਮਚੰਦ ਯਾਦਵ ਅਤੇ ਮਾਤਾ ਦਾ ਨਾਮ ਲੀਲਾਬਾਈ ਯਾਦਵ ਹੈ। ਉਨ੍ਹਾਂ ਨੇ ਐੱਮ.ਬੀ.ਏ ਅਤੇ ਪੀ.ਐੱਚ.ਡੀ ਤੱਕ ਦੀ ਪੜ੍ਹਾਈ ਕੀਤੀ ਹੈ।
ਨਵੇਂ ਮੁੱਖ ਮੰਤਰੀ ਕੋਲ ਇੰਨੀ ਨਕਦੀ
Myneta.com ਦੇ ਮੁਤਾਬਕ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਕੋਲ 42 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ। ਹਾਸਿਲ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਦੇਣਦਾਰੀ ਦੀ ਗੱਲ ਕਰੀਏ ਤਾਂ ਇਹ ਲਗਭਗ 9 ਕਰੋੜ ਰੁਪਏ ਹੈ।
ਮੋਹਨ ਯਾਦਵ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ। ਨਜ਼ਰ ਮਾਰੀਏ ਤਾਂ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ 42,04,81,763 ਰੁਪਏ ਦੀ ਕੁੱਲ ਜਾਇਦਾਦ 'ਚੋਂ ਮੋਹਨ ਯਾਦਵ ਕੋਲ 1.41 ਲੱਖ ਰੁਪਏ ਨਕਦ ਹਨ, ਜਦਕਿ ਉਨ੍ਹਾਂ ਦੀ ਪਤਨੀ ਸੀਮਾ ਯਾਦਵ ਕੋਲ 3.38 ਰੁਪਏ ਨਕਦ ਹਨ। ਬੈਂਕਾਂ ਵਿੱਚ ਜਮ੍ਹਾਂ ਰਕਮ ਦੀ ਗੱਲ ਕਰੀਏ ਤਾਂ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੇ ਵੱਖ-ਵੱਖ ਬੈਂਕਾਂ ਵਿੱਚ ਖਾਤਿਆਂ ਵਿੱਚ 28,68,044.97 ਰੁਪਏ ਜਮ੍ਹਾਂ ਹਨ।
ਸ਼ੇਅਰ ਬਾਂਡ ਵਿੱਚ ਵੱਡਾ ਨਿਵੇਸ਼
ਪੀ.ਐੱਚ.ਡੀ ਦੀ ਡਿਗਰੀ ਰੱਖਣ ਵਾਲੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਨਿਵੇਸ਼ ਵਿੱਚ ਦਿਲਚਸਪੀ ਰੱਖਦੇ ਹਨ। ਚੋਣ ਹਲਫ਼ਨਾਮੇ ਦੇ ਮੁਤਾਬਕ ਉਨ੍ਹਾਂ ਆਪਣੀ ਪਤਨੀ ਨਾਲ ਮਿਲ ਕੇ ਕਈ ਕੰਪਨੀਆਂ ਦੇ ਸ਼ੇਅਰਾਂ, ਡਿਬੈਂਚਰਾਂ ਅਤੇ ਬਾਂਡਾਂ ਵਿੱਚ 6,42,71,317 ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਬਚਤ ਖਾਤਿਆਂ ਵਿੱਚ ਵੀ ਪੈਸੇ ਜਮ੍ਹਾ ਕਰਵਾਏ ਹਨ। ਜਾਣਕਾਰੀ ਮੁਤਾਬਕ ਮੋਹਨ ਯਾਦਵ ਦੀ ਬਜਾਜ ਅਲਾਇੰਸ 'ਚ ਕਰੀਬ 3 ਲੱਖ ਰੁਪਏ ਦੀ ਪਾਲਿਸੀ ਹੈ। ਜਦੋਂ ਕਿ ਰਿਲਾਇੰਸ ਨਿਪੋਨ, ਬਜਾਜ ਅਲਾਇੰਸ 'ਚ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ 9 ਲੱਖ ਰੁਪਏ ਤੋਂ ਜ਼ਿਆਦਾ ਦੀ ਬੀਮਾ ਪਾਲਿਸੀ ਹੈ।
8 ਲੱਖ ਰੁਪਏ ਦਾ ਸੋਨਾ, ਕਾਰ ਅਤੇ ਹਥਿਆਰ
ਮੋਹਨ ਯਾਦਵ ਕੋਲ ਮੌਜੂਦ ਗਹਿਣਿਆਂ ਦੀ ਜਾਣਕਾਰੀ ਹਲਫਨਾਮੇ 'ਚ ਦਿੱਤੀ ਗਈ ਹੈ। ਇਸ ਹਿਸਾਬ ਨਾਲ ਉਸ ਕੋਲ ਕਰੀਬ 140 ਗ੍ਰਾਮ ਸੋਨਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 8 ਲੱਖ ਰੁਪਏ ਹੈ। ਉਨ੍ਹਾਂ ਦੀ ਪਤਨੀ ਕੋਲ 250 ਗ੍ਰਾਮ ਸੋਨੇ ਦੇ ਗਹਿਣੇ ਅਤੇ 1.2 ਕਿਲੋ ਚਾਂਦੀ ਹੈ, ਜਿਸ ਦੀ ਕੀਮਤ ਲਗਭਗ 15.78 ਲੱਖ ਰੁਪਏ ਹੈ। ਇਸ ਤੋਂ ਇਲਾਵਾ ਐੱਮ.ਪੀ. ਦੇ ਨਵੇਂ ਸੀ.ਐੱਮ. ਕੋਲ 22 ਲੱਖ ਰੁਪਏ ਦੀ ਇਨੋਵਾ ਕਾਰ ਅਤੇ 72,000 ਰੁਪਏ ਦਾ ਸੁਜ਼ੂਕੀ ਸਕੂਟਰ ਹੈ। ਹਥਿਆਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 80 ਹਜ਼ਾਰ ਰੁਪਏ ਦੀ ਕੀਮਤ ਦਾ ਰਿਵਾਲਵਰ ਅਤੇ 8 ਹਜ਼ਾਰ ਰੁਪਏ ਦੀ 12 ਬੋਰ ਦੀ ਬੰਦੂਕ ਵੀ ਹੈ।
ਨਵੇਂ ਮੁੱਖ ਮੰਤਰੀ ਕੋਲ ਕਰੋੜਾਂ ਦੀ ਜ਼ਮੀਨ
ਚੋਣ ਹਲਫ਼ਨਾਮੇ ਮੁਤਾਬਕ ਡਾਕਟਰ ਮੋਹਨ ਯਾਦਵ ਅਤੇ ਉਨ੍ਹਾਂ ਦੀ ਪਤਨੀ ਕਰੋੜਾਂ ਦੀ ਜ਼ਮੀਨ ਦੇ ਮਾਲਕ ਹਨ। ਇਸ ਵਿੱਚ ਕਰੀਬ 15 ਕਰੋੜ ਰੁਪਏ ਦੀ ਵਾਹੀਯੋਗ ਜ਼ਮੀਨ ਹੈ। ਇਸ ਤੋਂ ਇਲਾਵਾ ਮੋਹਨ ਯਾਦਵ ਦੇ ਨਾਂ 'ਤੇ ਉਜੈਨ 'ਚ ਇਕ ਪਲਾਟ ਹੈ, ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਜਦੋਂਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਕਰੀਬ 6 ਕਰੋੜ ਰੁਪਏ ਦੀਆਂ ਦੋ ਗੈਰ-ਖੇਤੀ ਜ਼ਮੀਨਾਂ ਹਨ। ਇਸ ਤੋਂ ਇਲਾਵਾ ਪਤੀ-ਪਤਨੀ ਦੇ ਨਾਂ 'ਤੇ 6 ਕਰੋੜ ਰੁਪਏ ਤੋਂ ਵੱਧ ਦੇ ਮਕਾਨ ਅਤੇ ਫਲੈਟ ਹਨ।
- PTC NEWS