Gay Parade Amritsar : ਅੰਮ੍ਰਿਤਸਰ 'ਚ ਨਹੀਂ ਹੋਵੇਗੀ Gay Pride ਪਰੇਡ ! ਤਿੱਖੇ ਵਿਰੋਧ ਪਿੱਛੋਂ ਆਯੋਜਕਾਂ ਨੇ ਰੱਦ ਕੀਤਾ ਪ੍ਰੋਗਰਾਮ
Pride Parade Amritsar Cancel : ਅੰਮ੍ਰਿਤਸਰ ਵਿੱਚ ਸਮਲਿੰਗ ਪਰੇਡ ਰੱਦ ਹੋਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਆਯੋਜਕਾਂ ਵੱਲੋਂ ਪ੍ਰਾਈਡ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਯੋਜਕਾਂ ਰਿਧਮ ਚੱਢਾ ਅਤੇ ਰਮਿਤ ਸੇਠ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਕੀਤਾ ਜਾਣ ਵਾਲੇ ਪ੍ਰੋਗਰਾਮ ਨਹੀਂ ਹੋਵੇਗਾ। ਉਨ੍ਹਾਂ ਇਸ ਪਿੱਛੇ ਪ੍ਰੋਗਰਾਮ ਦੇ ਵਿਰੋਧ ਨੂੰ ਦੱਸਿਆ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਸਮਲਿੰਗ ਪਰੇਡ ਦੇ ਆਯੋਜਨ ਬਾਰੇ ਪਤਾ ਲੱਗਣ 'ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਰੋਸ ਜਤਾਇਆ ਜਾ ਰਿਹਾ ਸੀ। ਪ੍ਰੋਗਰਾਮ ਨੂੰ ਲੈ ਕੇ ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਜਿਥੇ ਸਥਾਨਕ ਪ੍ਰਸ਼ਾਸਨ ਨੂੰ ਪਰੇਡ ਨੂੰ ਮਨਜੂਰੀ ਨਾ ਦੇਣ ਦੀ ਅਪੀਲ ਕੀਤੀ ਸੀ, ਉਥੇ ਹੀ ਕਿਹਾ ਸੀ, ''ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ ਕਿ ਜੋ ਇਹ ਕਰ ਰਹੇ ਹਨ ਅਤੇ ਕਰਵਾ ਰਹੇ ਹਨ, ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਸਮਲਿੰਗੀ ਪਰੇਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।"
ਐਤਵਾਰ ਆਯੋਜਕਾਂ ਨੇ ਜਾਰੀ ਬਿਆਨ ਵਿੱਚ ਕਿਹਾ, ''ਪ੍ਰਬੰਧਕ ਇੱਕ ਵਿਦਿਆਰਥੀ ਸੰਗਠਨ ਨਾਲ ਜੁੜੇ ਹੋਏ ਹਨ ਅਤੇ 2019 ਤੋਂ ਅੰਮ੍ਰਿਤਸਰ ਵਿੱਚ LGBTQIA ਭਾਈਚਾਰੇ ਦੇ ਸਮਰਥਨ ਵਿੱਚ ਸ਼ਾਂਤੀਪੂਰਨ ਪਰੇਡਾਂ ਅਤੇ ਤਿਉਹਾਰਾਂ ਦਾ ਆਯੋਜਨ ਕਰ ਰਹੇ ਹਨ। ਇਸ ਪਰੇਡ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣਾ ਹੈ। ਪਿਛਲੇ ਸਾਲਾਂ ਵਿੱਚ ਇਸ ਸਮਾਗਮ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਮਾਰਗਦਰਸ਼ਨ, ਸਲਾਹ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਸਨ। ਪਰ ਇਸ ਸਾਲ ਸਮਾਗਮ ਨੂੰ ਲੈ ਕੇ ਕੁਝ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਕਾਰਨ ਪ੍ਰਬੰਧਕਾਂ ਨੇ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਪਰੇਡ 27 ਅਪ੍ਰੈਲ 2025 ਨੂੰ ਰੋਜ਼ ਗਾਰਡਨ, ਅੰਮ੍ਰਿਤਸਰ ਵਿਖੇ ਹੋਣੀ ਸੀ।''
ਪ੍ਰਬੰਧਕਾਂ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਜਾਂ ਸਿਆਸੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਨ੍ਹਾਂ ਕਿਹਾ, “ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਾਂਗੇ।”
- PTC NEWS