Chandigarh ਹਸਪਤਾਲ 'ਚੋਂ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਫ਼ਰਾਰ , 5 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ ਕਰਕੇ ਕੀਤੀ ਸੀ ਹੱਤਿਆ
Ludhiana News : ਚੰਡੀਗੜ੍ਹ ਦੇ 32 ਹਸਪਤਾਲ 'ਚੋਂ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਹੈ। ਉਸਨੇ ਪੁਲਿਸ ਮੁਲਾਜ਼ਮਾਂ ਤੋਂ ਆਪਣਾ ਹੱਥ ਛੁਡਵਾ ਕੇ ਹੱਥਕੜੀ ਵੀ ਖੋਲ੍ਹ ਕੇ ਸੁੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕੈਦੀ ਬਾਥਰੂਮ ਕਰਨ ਦੇ ਬਹਾਨੇ ਫ਼ਰਾਰ ਹੋਇਆ ਹੈ। ਪੰਜਾਬ ਪੁਲਿਸ ਦੇ ਨਾਲ ਹੁਣ ਚੰਡੀਗੜ੍ਹ ਪੁਲਿਸ ਵੀ ਦੋਸ਼ੀ ਦੀ ਭਾਲ ਕਰ ਰਹੀ ਹੈ। ਕੈਦੀ ਨੂੰ ਜਾਂਚ ਲਈ ਲੁਧਿਆਣਾ ਜੇਲ੍ਹ ਤੋਂ ਚੰਡੀਗੜ੍ਹ ਦੇ ਜੀਐਮਸੀਐਚ ਹਸਪਤਾਲ 'ਚ ਲਿਆਂਦਾ ਗਿਆ ਸੀ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆਰੋਪੀ ਸੋਨੂੰ ਨੇ 5 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ ਕਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਹ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬਿਮਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਜਾਂਚ ਲਈ ਚੰਡੀਗੜ੍ਹ ਦੇ ਜੀਐਮਸੀਐਚ ਹਸਪਤਾਲ ਲੈ ਆਈ ਸੀ।
ਰੇਪ ਤੋਂ ਬਾਅਦ ਬੈਡ 'ਚ ਛਿਪਾ ਦਿੱਤੀ ਸੀ ਲਾਸ਼
ਮਾਰਚ 2025 ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਦੋਸ਼ੀ ਸੋਨੂੰ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਅਤੇ ਉਸਨੂੰ 5.5 ਲੱਖ ਰੁਪਏ ਜੁਰਮਾਨਾ ਲਗਾਇਆ ਸੀ। ਸੋਨੂੰ 'ਤੇ ਆਰੋਪ ਹੈ ਕਿ ਉਸ ਨੇ 28 ਦਸੰਬਰ 2023 ਨੂੰ ਇੱਕ 5 ਸਾਲ ਦੀ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਸੀ ਅਤੇ ਉਸ ਨਾਲ ਜਬਰ ਜਿਨਾਹ ਕਰਕੇ ਕਤਲ ਕਰ ਦਿੱਤਾ ਸੀ। ਫਿਰ ਇਸ ਤੋਂ ਬਾਅਦ ਲਾਸ਼ ਨੂੰ ਬੈਡ ਦੇ ਬਾਕਸ 'ਚ ਛਿਪਾ ਕੇ ਫਰਾਰ ਹੋ ਗਿਆ ਸੀ।
ਜਦੋਂ ਬੱਚੀ ਦੇ ਲਾਪਤਾ ਹੋਣ 'ਤੇ ਪੁਲਿਸ ਨੇ ਜਾਂਚ ਕੀਤੀ ਤਾਂ ਸੀਸੀਟੀਵੀ ਫੁਟੇਜ ਵਿੱਚ ਸੋਨੂੰ ਬੱਚੀ ਦੇ ਨਾਲ ਜਾਂਦੇ ਹੋਏ ਦਿਖਾਈ ਦਿੱਤਾ। ਕਮਰੇ ਦਾ ਜਿੰਦਾ ਤੋੜਨ ਤੋਂ ਬਾਅਦ ਪੁਲਿਸ ਨੇ ਲੜਕੀ ਦੀ ਲਾਸ਼ ਬੈਡ 'ਚੋਂ ਬਰਾਮਦ ਕੀਤੀ। ਡੀਐਨਏ ਰਿਪੋਰਟ ਅਤੇ ਸਬੂਤਾਂ ਦੇ ਆਧਾਰ 'ਤੇ ਅਦਾਲਤ ਨੇ ਸੋਨੂੰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
- PTC NEWS