PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਆਊਟਸੋਰਸ ਤੇ ਕੰਟਰੈਕਟ ਵਰਕਰਾਂ ਨੇ 2 ਘੰਟਿਆਂ ਲਈ ਮੁਕਤਸਰ ਬੱਸ ਸਟੈਂਡ ਕੀਤਾ ਬੰਦ
Sri Muktsar Sahib News : ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਰੋਡਵੇਜ਼ ,ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਕੰਟਰੈਕਟ ਤੇ ਆਊਟਸੋਰਸ ਮੁਲਾਜ਼ਮਾਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਵੱਲੋਂ ਦੋ ਘੰਟਿਆਂ ਲਈ ਬੱਸ ਸਟੈਂਡ ਦੇ ਪੂਰੇ ਕੰਮਕਾਜ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਭਾਰੀ ਨਾਅਰੇਬਾਜ਼ੀ ਕੀਤੀ ਗਈ।ਬੱਸ ਸਟੈਂਡ ਦੇ ਬੰਦ ਹੋਣ ਕਾਰਨ ਕੋਈ ਵੀ ਬੱਸ ਅੰਦਰ ਦਾਖਲ ਨਾ ਹੋ ਸਕੀ ਅਤੇ ਸਾਰਾ ਬੱਸ ਅੱਡਾ ਸੁੰਨਾ ਦਿਖਾਈ ਦਿੱਤਾ।
ਦੱਸ ਦਈਏ ਕਿ ਇਹ ਬੱਸ ਸਟੈਂਡ ਅੱਜ ਦੋ ਘੰਟਿਆਂ ਲਈ ਪੂਰੀ ਤਰ੍ਹਾਂ ਬੰਦ ਰਿਹਾ, ਜਿਸਦਾ ਸਮਾਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਰੱਖਿਆ ਗਿਆ ਸੀ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਬੱਸ ਸਟੈਂਡ ਦੇ ਅੰਦਰ ਕੋਈ ਵੀ ਬੱਸ ਦਾਖਲ ਨਹੀਂ ਹੋ ਸਕੀ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ।
ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਨਖਾਹਾਂ ਹਮੇਸ਼ਾਂ ਦੇਰੀ ਨਾਲ ਮਿਲਦੀਆਂ ਹਨ ਅਤੇ ਕਈ ਵਾਰ ਦੋ ਤੋਂ ਤਿੰਨ ਮਹੀਨਿਆਂ ਤੱਕ ਵੀ ਤਨਖਾਹਾਂ ਨਹੀਂ ਆਉਂਦੀਆਂ। ਮੁਲਾਜ਼ਮਾਂ ਦਾ ਇਹ ਵੀ ਦੋਸ਼ ਸੀ ਕਿ ਜਦੋਂ ਵੀ ਉਹ ਵਿਭਾਗ ਨਾਲ ਗੱਲਬਾਤ ਕਰਦੇ ਹਨ ਤਾਂ ਉਹਨਾਂ ਨੂੰ ਇਹ ਕਹਿ ਕੇ ਟਾਲਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਫਰੀ ਯਾਤਰਾ ਸਕੀਮ ਲਈ ਪੈਸੇ ਨਹੀਂ ਭੇਜੇ ਗਏ, ਜਿਸ ਕਰਕੇ ਤਨਖਾਹਾਂ ਵਿੱਚ ਦੇਰੀ ਹੁੰਦੀ ਹੈ।
ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਸਾਰੀ ਤਨਖਾਹ ਉਹਨਾਂ ਨੂੰ ਸੰਘਰਸ਼ ਕਰਕੇ ਲੈਣੀ ਪੈਂਦੀ ਹੈ ਅਤੇ ਅੱਜ ਸਿਰਫ਼ ਮੁਕਤਸਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਬੱਸ ਸਟੈਂਡ ਦੋ ਘੰਟਿਆਂ ਲਈ ਬੰਦ ਕੀਤੇ ਗਏ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਨੂੰ ਵੱਡਾ ਤੇ ਤੀਬਰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
- PTC NEWS