PSEB Class 12th Result 2025 : PSEB ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ , ਕੁੜੀਆਂ ਨੇ ਮਾਰੀ ਬਾਜ਼ੀ , 91 ਫ਼ੀਸਦੀ ਵਿਦਿਆਰਥੀ ਪਾਸ
PSEB Class 12th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਤੀਜਿਆਂ 'ਚ 91 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਨਤੀਜਾ ਪਿਛਲੇ ਸਾਲ ਦੇ ਮੁਕਾਬਲੇ 2% ਘੱਟ ਰਿਹਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਹਨ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਨਤੀਜੇ ਦੇਖ ਸਕਣਗੇ।
ਕੁੜੀਆਂ ਨੇ ਮਾਰੀ ਬਾਜ਼ੀ
ਇਸ ਸਾਲ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। 290 ਬਚੇ ਮੈਰਿਟ ਲਿਸਟ 'ਚ ਸ਼ਾਮਲ ਹਨ। ਤਿੰਨੋਂ ਟਾਪਰ ਕੁੜੀਆਂ ਹਨ। ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਵਿੱਚ ਟੌਪ ਕੀਤਾ ਹੈ। ਹਰਸੀਰਤ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਵਿਦਿਆਰਥਣ ਹੈ।
ਫਿਰੋਜ਼ਪੁਰ ਦੇ ਕਸੋਆਣਾ ਦੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ (99.6%) ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਐਸਐਸ ਮੈਮੋਰੀਅਲ ਸੀਨੀਅਰ ਪਬਲਿਕ ਸਕੂਲ ਕਸੋਆਣਾ ਦੀ ਵਿਦਿਆਰਥਣ ਹੈ। ਮਾਨਸਾ ਦੇ ਭੀਖੀ ਸਥਿਤ ਸ਼੍ਰੀ ਤਾਰਾ ਚੰਦ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਪੰਜਾਬ ਵਿੱਚ 12ਵੀਂ ਬੋਰਡ ਦਾ ਨਤੀਜਾ 91 ਪ੍ਰਤੀਸ਼ਤ ਰਿਹਾ
ਇਸ ਸਾਲ ਪੰਜਾਬ ਵਿੱਚ ਕੁੱਲ 2,65,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,41,506 ਪਾਸ ਹੋਏ ਹਨ। ਪਾਸ ਪ੍ਰਤੀਸ਼ਤਤਾ 91.00 ਪ੍ਰਤੀਸ਼ਤ ਰਹੀ। ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੱਲ 1,24,229 ਕੁੜੀਆਂ ਵਿੱਚੋਂ 1,17,175 ਨੇ ਪ੍ਰੀਖਿਆ ਪਾਸ ਕੀਤੀ। 1,41,156 ਮੁੰਡਿਆਂ ਵਿੱਚੋਂ 1,24,328 ਮੁੰਡੇ ਪਾਸ ਹੋਏ ਹਨ। ਟਰਾਂਸਜੈਂਡਰ ਸ਼੍ਰੇਣੀ ਵਿੱਚ ਵੀ ਤਿੰਨ ਵਿੱਚੋਂ ਤਿੰਨ ਵਿਦਿਆਰਥੀ ਪਾਸ ਹੋਏ ਹਨ।
ਤੁਸੀਂ ਵੈੱਬਸਾਈਟ ਜਾਂ ਸਕੂਲ 'ਤੇ ਜਾ ਕੇ ਨਤੀਜਾ ਦੇਖ ਸਕੋਗੇ
ਵਿਦਿਆਰਥੀਆਂ ਨੂੰ PSEB ਦੀ ਵੈੱਬਸਾਈਟ www.pseb.ac.in 'ਤੇ ਲੌਗਇਨ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ। ਜਿੱਥੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਨਤੀਜਾ ਸਾਹਮਣੇ ਆਵੇਗਾ। ਇਸ ਤੋਂ ਇਲਾਵਾ, ਵਿਦਿਆਰਥੀ ਆਪਣੇ ਸਕੂਲ ਜਾ ਕੇ ਵੀ ਆਪਣੇ ਨਤੀਜੇ ਦੇਖ ਸਕਣਗੇ।
- PTC NEWS