Delhi International School : ਫ਼ੀਸ ਨਾ ਭਰਨ 'ਤੇ ਬੱਚੀ ਨੂੰ ਸਕੂਲੋਂ ਬਾਹਰ ਕੱਢਣ ਦੇ ਮਾਮਲੇ 'ਚ ਪੰਜਾਬ ਬਾਲ ਅਧਿਕਾਰ ਕਮਿਸ਼ਨ ਦਾ ਅਹਿਮ ਫੈਸਲਾ
Delhi International School Fees : ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਵਿੱਚ ਦਿੱਲੀ ਇੰਟਰਨੈਸ਼ਨਲ ਸਕੂਲ ਵੱਲੋਂ ਇੱਕ ਛੋਟੀ ਬੱਚੀ ਨੂੰ ਫੀਸ ਨਾ ਦੇਣ ਕਾਰਨ ਬਾਹਰ ਕੱਢਣ ਦੇ ਮਾਮਲੇ ਵਿੱਚ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ (Punjab State Child Rights Commission) ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਕਮਿਸ਼ਨ ਵੱਲੋਂ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਪ੍ਰਬੰਧਕ ਕਵਿਤਾ ਸ਼ਰਮਾ ਨੂੰ ਸੁਣਾਏ ਇਸ ਇੱਕ ਅਨੋਖੇ ਫਰਮਾਨ ਵਿੱਚ ਸਲੱਮ ਏਰੀਆ ਦੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਉਣ ਬਾਰੇ ਕਿਹਾ ਗਿਆ ਹੈ।
ਦੱਸ ਦਈਏ ਕਿ 27 ਨਵੰਬਰ 2024 ਨੂੰ ਦਿੱਲੀ ਇੰਟਰਨੈਸ਼ਨਲ ਸਕੂਲ ਵੱਲੋਂ ਇੱਕ ਛੋਟੇ ਬੱਚੇ ਨੂੰ ਫੀਸ ਨਾ ਜਮਾ ਹੋਣ ਕਾਰਨ ਸਕੂਲ ਵਿੱਚੋਂ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਪੂਜਾ ਰਾਣੀ ਪਤਨੀ ਜੋਤੀ ਬ੍ਰਹਮ ਸਰੂਪ ਬਾਲੀ ਵਾਸੀ ਮਾਹਿਲਪੁਰ ਨੇ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਦਿੱਤੀ ਦਰਖਾਸਤ ਵਿੱਚ ਦੱਸਿਆ ਸੀ ਕਿ ਉਸ ਦੀ 4 ਸਾਲ ਦੀ ਬੱਚੀ, ਇੰਟਰਨੈਸ਼ਨਲ ਸਕੂਲ ਦੀ ਮਾਹਿਲਪੁਰ ਬ੍ਰਾਚ ਵਿਚ ਨਰਸਰੀ ਵਿੱਚ ਪੜ੍ਹਦੀ ਹੈ, ਨੂੰ ਫ਼ੀਸ ਜਮ੍ਹਾਂ ਨਾ ਕਰਵਾਉਣ ਕਰਕੇ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੇ ਉਸ ਦੀ ਬੱਚੀ ਨੂੰ ਸਕੂਲੋਂ ਬਾਹਰ ਕੱਢ ਦਿੱਤਾ ਸੀ। ਉਪਰੰਤ ਪਰਿਵਾਰ ਵੱਲੋਂ ਪੰਜਾਬ ਰਾਜ ਬਾਲ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਗਈ ਸੀ।
ਇਸ ਮਾਮਲੇ 'ਚ ਹੁਣ ਪੰਜਾਬ ਰਾਜ ਬਾਲ ਕਮਿਸ਼ਨ ਨੇ ਫੈਸਲਾ ਸੁਣਾਉਂਦੇ ਹੋਏ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਪ੍ਰਬੰਧਕ ਕਵਿਤਾ ਸ਼ਰਮਾ ਨੂੰ ਹੁਕਮ ਦਿੱਤਾ ਗਿਆ ਕਿ 31 ਮਾਰਚ 2025 ਤੱਕ ਸਲੱਮ ਏਰੀਏ ਦੇ 20 ਬੱਚਿਆਂ ਨੂੰ ਜੋ ਸਕੂਲ ਨਹੀਂ ਜਾਂਦੇ, ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ। ਇਹ ਆਰਡਰ 31 ਮਾਰਚ ਤੱਕ ਪੂਰੇ ਕਰਕੇ ਉਹਨਾਂ ਨੂੰ ਰਿਪੋਰਟ ਸੋਪਣ ਦੀ ਗੱਲ ਕਹੀ ਹੈ।
ਫ਼ੈਸਲੇ ਤੋਂ ਨਾਖੁਸ਼ ਬੱਚੀ ਦੀ ਮਾਤਾ, ਜਾਣੋ ਕਿਉਂ ?
ਇਸ ਸਬੰਧੀ ਬੱਚੇ ਦੀ ਮਾਤਾ ਪੂਜਾ ਬਲੀ ਦਾ ਕਹਿਣਾ ਸੀ ਕਿ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਸ ਨੇ ਕਿਹਾ ਕਿ ਬੱਚੀ ਅੱਜ ਵੀ ਉਸ ਘਟਨਾ ਵਿੱਚੋਂ ਬਾਹਰ ਨਹੀਂ ਨਿਕਲ ਸਕੀ। ਅੱਜ ਵੀ ਉਹ ਆਪਣੇ ਟੈਡੀ ਨਾਲ ਗੱਲ ਕਰਦੀ, ਇਹ ਗੱਲ ਕਹਿੰਦੀ ਹੈ ਕਿ ਸਕੂਲ ਵਿੱਚ ਫੀਸ ਨਾ ਦਿਓ ਤਾਂ ਟੀਚਰ ਸਕੂਲ ਵਿੱਚੋਂ ਕੱਢ ਦੇਣਗੇ। ਪੂਜਾ ਬਲੀ ਨੇ ਕਿਹਾ ਕਿ ਸਕੂਲ ਨੇ ਅੱਜ ਤੱਕ ਉਸ ਟੀਚਰ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਅੱਜ ਤੱਕ ਵੀ ਉਹ ਟੀਚਰ ਉਸੇ ਸਕੂਲ ਵਿੱਚ ਰੈਗੂਲਰ ਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਆਪਣੇ ਬੱਚੇ ਨੂੰ ਇਨਸਾਫ਼ ਲਈ ਜਿਸ ਹੱਦ ਤੱਕ ਵੀ ਜਾ ਸਕਦੇ ਹਨ, ਉਥੋਂ ਤੱਕ ਉਹ ਜ਼ਰੂਰ ਜਾਣਗੇ।
ਕੀ ਕਹਿੰਦੇ ਹਨ ਸਕੂਲ ਪ੍ਰਬੰਧਕ
ਇਸ ਸਬੰਧੀ ਸਕੂਲ ਦੇ ਐਡਮਿਨ ਅਫਸਰ ਮੰਗ਼ਤ ਅਗਨੀਹੋਤਰੀ ਨਾਲ ਸਕੂਲ ਜਾ ਕੇ ਗੱਲ ਕੀਤੀ ਪਰੰਤੂ ਸਕੂਲ ਦੇ ਪ੍ਰਿੰਸੀਪਲ ਨੇ ਗੱਲ ਕਰਨ ਤੋਂ ਇੰਨਕਾਰ ਕਰ ਦਿੱਤਾ। ਐਡਮਿਨ ਅਫਸਰ ਮੰਗਤ ਅਗਨੀਹੋਤਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਸ ਇਸ ਮਾਮਲੇ ਨੂੰ ਖ਼ਤਮ ਕਰਨ ਲਈ ਪ੍ਰਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਾਤਾ-ਪਿਤਾ ਨਾਲ ਮਿਲ ਕੇ ਇਸ ਦਾ ਹੱਲ ਕਰ ਲਿਆ ਜਾਵੇਗਾ।
ਕੀ ਕਹਿੰਦੇ ਨੇ ਪੜਤਾਲੀਆਂ ਅਫਸਰ
ਇਸ ਸਬੰਧੀ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਅਜੇ ਚੱਲ ਰਹੀ ਹੈ। ਬੱਚੇ ਨੂੰ ਸਕੂਲ ਤੋਂ ਕੱਢਣ ਦਾ ਮਾਪਿਆਂ ’ਚ ਰੋਸ ਤਾਂ ਹੁੰਦਾ ਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਐਸਡੀਐਮ ਨੂੰ ਦਿੱਤੀ ਦਰਖਾਸਤ ਅਜੇ ਉਨ੍ਹਾਂ ਨੂੰ ਨਹੀਂ ਮਿਲੀ। ਦੋਹਾਂ ਧਿਰਾਂ ਨੂੰ ਮੁੜ ਬੁਲਾ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਕੀ ਕਹਿੰਦਾ ਹੈ ਕਾਨੂੰਨ
ਇਸ ਸਬੰਧੀ ਉੱਚ ਅਦਾਲਤ ਚੰਡੀਗੜ੍ਹ ਦੇ ਵਕੀਲ ਬਲਰਾਮ ਸਿੰਘ ਨੇ ਦੱਸਿਆ ਕਿ ਸਿੱਖ਼ਿਆ ਦੇ ਅਧਿਕਾਰ ਤਹਿਤ ਕਿਸੇ ਵੀ ਬੱਚੇ ਨਾਲ ਫ਼ੀਸ ਨੂੰ ਲੈ ਕੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 21 ਏ ਅਨੁਸਾਰ ਸਕੂਲੀ ਬੱਚੇ ਨੂੰ ਸੁੱਰਖਿਅਤ ਅਤੇ ਹਾਨੀ ਰਿਹਤ ਮਾਹੌਲ ਵਿਚ ਪੜ੍ਹਨ ਦਾ ਹੱਕ ਹੈ। ਸਕੂਲ ਪ੍ਰਬੰਧਕ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਇਹ ਜੁਰਮ ਹੈ।
- PTC NEWS