Punjab Government Bus Strike : ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ; ਹੁੰਮਸ ਭਰੀ ਗਰਮੀ ’ਚ ਪਰੇਸ਼ਾਨ ਹੋ ਰਹੇ ਲੋਕ
Punjab Government Bus Strike : ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅੱਜ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਡਿਪੂ ਦੇ ਬਾਹਰ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਸਹਿਜ ਸਿੰਘ ਨੇ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ, ਉਸ ਸਮੇਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਸੱਤਾ ਵਿੱਚ ਆਵਾਂਗੇ, ਤੁਹਾਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ। ਪਰ ਅੱਜ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਕੋਈ ਸਾਰਥਕ ਹੱਲ ਨਹੀਂ ਨਿਕਲਿਆ। ਅਸੀਂ ਸਰਕਾਰ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ, ਨਹੀਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਉੱਥੇ ਹੀ ਪਟਿਆਲਾ ਦੇ ਨਵੇਂ ਬੱਸ ਸਟੈਂਡ 'ਤੇ ਬੱਸਾਂ ਦੀ ਘਾਟ ਕਾਰਨ ਲੋਕ ਵੱਡੇ ਪੱਧਰ 'ਤੇ ਖੱਜਲ-ਖੁਆਰ ਹੁੰਦੇ ਨਜ਼ਰ ਆਏ। ਕਈ ਬੱਸਾਂ ਵਿੱਚ ਸਵਾਰੀਆਂ ਦਰਵਾਜ਼ਿਆਂ ਤੋਂ ਲਟਕ ਕੇ ਸਫ਼ਰ ਕਰਦੀਆਂ ਵੀ ਦਿਖਾਈ ਦਿੱਤੀਆਂ। ਬੱਸਾਂ ਦੀ ਸ਼ਾਰਟੇਜ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ।
ਹੜਤਾਲ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ
ਰਾਜਪੁਰਾ ਵਿਖੇ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ ਗਗਨ ਚੌਂਕ ਅਤੇ ਮਾਡਰਨ ਬੱਸ ਸਟੈਂਡ 'ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੋਮਵਾਰ ਦਾ ਦਿਨ ਹੋਣ ਕਰਕੇ ਡਿਊਟੀ 'ਤੇ ਜਾਣ ਵਾਲੇ ਕਰਮਚਾਰੀਆਂ ਅਤੇ ਹੋਰ ਆਮ ਲੋਕਾਂ ਦੀ ਭਾਰੀ ਭੀੜ ਸੜਕਾਂ 'ਤੇ ਦੇਖਣ ਨੂੰ ਮਿਲ ਰਹੀ ਹੈ। ਲੋਕ ਘੰਟਿਆਂ ਬੱਧੀ ਬੱਸਾਂ ਦੀ ਉਡੀਕ ਕਰ ਰਹੇ ਹਨ, ਪਰ ਬੱਸਾਂ ਨਾ ਮਿਲਣ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਜੇਕਰ ਕੋਈ ਇੱਕਾ-ਦੁੱਕਾ ਬੱਸ ਆਉਂਦੀ ਵੀ ਹੈ, ਤਾਂ ਉਹ ਪਹਿਲਾਂ ਹੀ ਨੋਕ-ਮੋਕ ਭਰੀ ਹੁੰਦੀ ਹੈ। ਇਸ ਦੌਰਾਨ ਟਰੈਫਿਕ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਗਗਨ ਚੌਕ ’ਤੇ ਲੋਕਾਂ ਦੀ ਲੱਗੀ ਭੀੜ
ਇਸ ਸਬੰਧੀ ਗੁਰਬਚਨ ਸਿੰਘ ਟਰੈਫਿਕ ਇੰਚਾਰਜ, ਰਾਜਪੁਰਾ ਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਅਤੇ ਅੱਜ ਸੋਮਵਾਰ ਹੋਣ ਕਰਕੇ ਗਗਨ ਚੌਂਕ 'ਤੇ ਮੁਸਾਫ਼ਰਾਂ ਦੀ ਭਾਰੀ ਭੀੜ ਹੈ। ਸਾਡੀ ਟਰੈਫਿਕ ਟੀਮ ਵੱਲੋਂ ਚਾਰੇ ਪਾਸੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਬੱਸ ਦੀ ਉਡੀਕ ਕਰ ਰਹੇ ਮੁਸਾਫਿਰਾਂ ਨੇ ਦੱਸਿਆ ਕਿ ਉਹ ਪਰਿਵਾਰ ਅਤੇ ਬੱਚਿਆਂ ਨਾਲ ਮੋਹਾਲੀ ਜਾਣ ਲਈ ਕਾਫ਼ੀ ਸਮੇਂ ਤੋਂ ਬੱਸ ਦੀ ਉਡੀਕ ਕਰ ਰਹੇ ਹਨ। ਚੜ੍ਹਦੀ ਧੁੱਪ ਅਤੇ ਗਰਮੀ ਵਿੱਚ ਬੱਸਾਂ ਨਾ ਮਿਲਣ ਕਾਰਨ ਬੱਚੇ ਅਤੇ ਪਰਿਵਾਰ ਡਾਢੇ ਪਰੇਸ਼ਾਨ ਹੋ ਰਹੇ ਹਨ। ਵੱਡੀ ਗਿਣਤੀ ਵਿੱਚ ਸਵਾਰੀਆਂ ਸੜਕਾਂ 'ਤੇ ਖੜ੍ਹ ਕੇ ਬੱਸਾਂ ਇੰਤਜ਼ਾਰ ਕਰ ਰਹੀਆਂ ਹਨ
ਇਹ ਵੀ ਪੜ੍ਹੋ : Punjab Weather Forecast 3rd July : ਪੰਜਾਬ ’ਚ ਅੱਜ ਤੋਂ ਮੁੜ ਮਾਨਸੂਨ ਹੋਇਆ ਐਕਟਿਵ; ਜਾਣੋ ਕਦੋਂ ਅਤੇ ਕਿੱਥੇ ਮੀਂਹ ਪੈਣ ਦੀ ਹੈ ਸੰਭਾਵਨਾ
- PTC NEWS