Ludhiana News : ਹੁਣ ਅਧਿਆਪਕ ਬਣਨਗੇ ਡਾਕਟਰ, ਪੇਰੈਂਟਸ-ਟੀਚਰ ਮੀਟਿੰਗ ਦੌਰਾਨ ਬੱਚਿਆਂ ਸਮੇਤ 100 ਲੋਕਾਂ ਦਾ ਕਰਨਾ ਹੋਵੇਗਾ ਬੀਪੀ ਚੈੱਕ
Ludhiana News : ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਕ ਨਵਾਂ ਫੁਰਮਾਨ ਜਾਰੀ ਕੀਤਾ ਹੈ ਕਿ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ -ਨਾਲ ਅਧਿਆਪਕ ਹੁਣ ਡਾਕਟਰ ਬਣਨਗੇ। ਪੇਰੈਂਟਸ-ਟੀਚਰ ਮੀਟਿੰਗ ਦੌਰਾਨ ਬੱਚਿਆਂ ਸਮੇਤ 100 ਲੋਕਾਂ ਦਾ ਬੀਪੀ ਚੈੱਕ ਕਰਨਾ ਹੋਵੇਗਾ। ਅਧਿਆਪਕਾਂ ਨੂੰ 100 ਲੋਕਾਂ ਦਾ ਬਲੱਡ ਪਰੈਸ਼ਰ ਚੈੱਕ ਕਰਕੇ ਰਿਕਾਰਡ ਸਾਂਭ ਕੇ ਰੱਖਣਾ ਹੋਵੇਗਾ। ਅਣਗਿਹਲੀ ਕਰਨ 'ਤੇ ਸਕੂਲ ਦੇ ਮੁਖੀ 'ਤੇ ਕਾਰਵਾਈ ਹੋਵੇਗੀ। ਇਸ ਦੇ ਲਈ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਲੁਧਿਆਣਾ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ। ਇਹ ਮੁਹਿੰਮ ਮਿਸ਼ਨ ਸਵਸਥ ਕਵਚ ਅਧੀਨ ਕੈਂਪਾਂ ਤਹਿਤ ਚਲੇਗੀ।
ਸਿੱਖਿਆ ਵਿਭਾਗ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਜਿਨ੍ਹਾਂ ਸਕੂਲਾਂ ਨੇ ਮਿਸ਼ਨ ਸਵਸਥ ਕਵਚ ਅਧੀਨ ਟ੍ਰੇਨਿੰਗ ਲਈ ਹੈ, ਉਹ ਸਕੂਲ ਮਿਤੀ 17 ਅਕਤੂਬਰ 2025 ਨੂੰ ਪੇਰੈਂਟਸ-ਟੀਚਰ ਮੀਟਿੰਗ ਵਾਲੇ ਦਿਨ ਮਿਸ਼ਨ ਸਵਸਥ ਕਵਚ ਦਾ ਕੈਂਪ ਲਗਾਉਣਗੇ ਅਤੇ ਲੋਕਾਂ ਨੂੰ ਬੀ.ਪੀ. ਸਬੰਧੀ ਜਾਣਕਾਰੀ ਦੇਣਗੇ। ਜਿਸ ਸਬੰਧੀ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਪੂਰੀ ਕਾਰਵਾਈ ਦੀ ਅਗਵਾਈ ਸਕੂਲ ਦਾ ਹੈਲਥ ਮੈਂਟਰ ਬੱਚਿਆਂ ਦੀ ਸਹਾਇਤਾ ਨਾਲ ਕਰੇਗਾ ਜੋ ਕਿ ਇਸਦਾ ਨੋਡਲ ਵੀ ਹੋਵੇਗਾ। ਇਸ ਕੈਂਪ ਵਿੱਚ ਬੀ.ਪੀ. ਸਬੰਧੀ ਲੋਕਾਂ ਨੂੰ ਜਾਗੂਰਕ ਕਰਦੇ ਹੋਏ ਘੱਟੋ ਘੱਟ 100 ਲੋਕਾਂ ਦਾ ਬੀ.ਪੀ. ਨਿਯਮ ਅਨੁਸਾਰ ਤਿੰਨ-ਤਿੰਨ ਵਾਰ ਚੈਕ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਇਸ ਪੱਤਰ ਨਾਲ ਨੱਥੀ ਗੂਗਲ ਫਾਰਮ ਲਿੰਕ ਵਿੱਚ ਹਰ ਹਾਲਤ ਵਿੱਚ ਤਰਨੀ ਯਕੀਨੀ ਯਕੀਨੀ ਬਣਾਈ ਜਾਵੇ ।
ਸਕੂਲ ਵਿੱਚ ਚੈਕ ਕੀਤੇ ਗਏ ਬੀ.ਪੀ ਸਬੰਧੀ ਰਿਪੋਰਟ ਨੂੰ ਆਪਣੇ ਸਕੂਲ ਹਿਕਾਰਡ ਵਿੱਚ ਰੱਖਿਆ ਜਾਵੇ। ਲੋੜ ਪੈਣ 'ਤੇ ਇਸ ਦਫਤਰ ਵੱਲੋਂ ਇਹ ਰਿਪੋਰਟ ਸਕੂਲ ਤੋਂ ਕਿਸੇ ਵੀ ਟਾਈਮ ਮੰਗੀ ਜਾ ਸਕਦੀ ਹੈ। ਇਸ ਸਬੰਧੀ ਕੋਈ ਵੀ ਦੋਬਾਰਾ ਤੋਂ ਪੱਤਰ ਨਹੀਂ ਭੇਜਿਆ ਜਾਏਗਾ। ਅਣਗਿਹਲੀ ਦੀ ਸੂਰਤ ਵਿੱਚ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਫੋਟੋਗ੍ਰਾਫੀ ਵੀ ਕੀਤੀ ਜਾਵੇ ਅਤੇ ਫੋਟੋਗ੍ਰਾਫੀ ਦਾ ਰਿਕਾਰਡ ਆਪਣੇ ਪੱਧਰ 'ਤੇ ਰੱਖ ਲਿਆ ਜਾਵੇ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਾਰ ਬਾਰ ਸੁਨੇਹਾ ਦੇਣ ਉਪਰੰਤ ਵੀ ਕਈ ਸਕੂਲਾਂ ਨੇ ਸਮਿਟਰੀ ਰੋਡ ਸਕੂਲ ਤੋਂ ਅਜੇ ਤੱਕ ਵੀ ਬੀ.ਪੀ. ਮਸ਼ੀਨ ਪ੍ਰਾਪਤ ਨਹੀਂ ਕੀਤੀ ਹੈ। ਹੁਣ ਮਿਤੀ 16/10/2025 ਤੱਕ ਰਹਿੰਦੇ ਸਕੂਲ ਇਹ ਮਸ਼ੀਨ ਪ੍ਰਾਪਤ ਕਰ ਲੈਣ। ਨਾ ਮਸ਼ੀਨ ਪ੍ਰਾਪਤ ਕਰਨ ਦੀ ਅੰਤਿਮ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਸਨੂੰ ਮਾਣਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਜੀ ਦੇ ਹੁਕਮਾਂ ਦੀ ਉਲੰਘਣਾ ਸਮਝਿਆ ਜਾਵੇਗਾ।

- PTC NEWS