Ludhiana : ਲੁਧਿਆਣਾ 'ਚ ਕਈ ਮਾਮਲਿਆਂ 'ਚ ਲੋੜੀਂਦੇ ਪ੍ਰਦੀਪ ਬਿੱਲਾ ਦਾ ਸਿਰ 'ਚ ਗੋਲੀ ਮਾਰ ਕੇ ਕਤਲ, ਪਾਰਕ 'ਚ ਆਇਆ ਸੀ ਸੈਰ ਕਰਨ !
Ludhiana Murder : ਲੁਧਿਆਣਾ ਦੇ ਜਮਾਲਪੁਰ ਇਲਾਕੇ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਡਰੀਮ ਪਾਰਕ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਦੀਪ ਬਿੱਲਾ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ।
ਘਟਨਾ ਦੇ ਸਮੇਂ ਪਾਰਕ ਵਿੱਚ ਮੌਜੂਦ ਲੋਕਾਂ ਵਿੱਚ ਹਫ਼ੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਸੂਤਰਾਂ ਮੁਤਾਬਕ ਨੌਜਵਾਨ ਨੂੰ ਇੱਕ ਹੀ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ। ਹਾਲਾਂਕਿ ਹਮਲਾਵਰਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਤੇ ਹਮਲਾਵਰ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਪਾਰਕ ਵਿੱਚ ਇਕੱਠੇ ਹੋਏ ਸਨ ਅਤੇ ਬਾਅਦ ਵਿੱਚ ਲੜਾਈ ਤੋਂ ਬਾਅਦ ਹਮਲਾਵਰਾਂ ਨੇ ਪ੍ਰਦੀਪ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਬਿੱਲਾ 'ਤੇ ਪਹਿਲਾਂ ਹੀ ਪੰਜ ਤੋਂ ਛੇ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਏਡੀਸੀਪੀ ਜਸ਼ਨ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ 4:30 ਵਜੇ ਘਟਨਾ ਦੀ ਜਾਣਕਾਰੀ ਮਿਲੀ। ਬਿੱਲਾ ਪਾਰਕ ਵਿੱਚ ਸੈਰ ਕਰਨ ਆਇਆ ਸੀ। ਇਸ ਦੌਰਾਨ, ਐਕਟਿਵਾ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਉਸਨੂੰ ਗੋਲੀ ਮਾਰ ਦਿੱਤੀ ਅਤੇ ਭੱਜ ਗਏ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
- PTC NEWS