Punjab Budget Session : ਵਿਧਾਨਸਭਾ ’ਚ ਜ਼ਬਰਦਸਤ ਹੰਗਾਮਾ, ਕਾਂਗਰਸੀ ਵਿਧਾਇਕਾਂ ਨੇ ਸਪੀਕਰ ਨਾਲ ਕੀਤੀ ਮੁਲਾਕਾਤ
Punjab Budget Session : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਦੱਸ ਦਈਏ ਕਿ ਪ੍ਰਸ਼ਨਕਾਲ ਨਾਲ ਸਦਨ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਦਾ ਬਾਇਕਾਟ ਕਰ ਦਿੱਤਾ ਹੈ।
Fourth (Budget) session of 16th Punjab Vidhan Sabha March 6, 2023 .
https://t.co/Zd0B95j7iE
— Government of Punjab (@PunjabGovtIndia) March 6, 2023
ਅੱਜ ਦੇ ਇਜਲਾਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ’ਤੇ ਚਰਚਾ ਜਾਰੀ ਹੈ। ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਦੋਹਾਂ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਬਹਿਸ ਹੋਈ। ਫਿਲਹਾਲ ਸਦਨ ਦੀ ਕਾਰਵਾਈ ਤਿੰਨ ਵਜੇ ਤੱਕ ਮੁਲਤਵੀ ਹੋ ਗਈ ਹੈ।
ਵੜਿੰਗ ਨੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ: ਇਜਲਾਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਸਬੰਧੀ ਵਿਧਾਨ ਸਭਾ ਵਿੱਚ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਪਰ ਹੁਣ ਉਨ੍ਹਾਂ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਾਨੂੰਨ ਵਿਵਸਥਾ ਬਾਰੇ ਕੀ ਕੀਤਾ ਜਾਵੇਗਾ।
ਪ੍ਰੈਸ ਦੀ ਆਜ਼ਾਦੀ ਦਾ ਚੁੱਕਿਆ ਮੁੱਦਾ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਵਿਧਾਨਸਭਾ ’ਚ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਵਿਧਾਨਸਭਾ ਦੀ ਕਵਰੇਜ਼ ਦੇ ਲਈ ਕੁਝ ਮੀਡੀਆ ਅਦਾਰਿਆਂ ਨੂੰ ਬੈਨ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਵਿਰੋਧੀਆਂ ਨੇ ਕਾਨੂੰਨ ਵਿਵਸਥਾ ’ਤੇ ਪੰਜਾਬ ਸਰਕਾਰ ਨੂੰ ਘੇਰਣ ਦੀ ਰਣਨੀਤੀ ਬਣਾਈ ਹੈ। ਇਹ ਬਜਟ ਇਜਲਾਸ 24 ਮਾਰਚ ਤੱਕ ਦੋ ਹਿੱਸਿਆਂ ’ਚ 8 ਦਿਨ ਤੱਕ ਚੱਲੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2023-24 ਵਰ੍ਹੇ ਦਾ ਬਜਟ 10 ਮਾਰਚ ਨੂੰ ਪੇਸ਼ ਕਰਨਗੇ।
ਦੱਸ ਦਈਏ ਕਿ 3 ਮਾਰਚ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਹੋਈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਬਜਟ ਇਜਲਾਸ ਦੀ ਸ਼ੁਰੂਆਤ ਹੋਈ ਸੀ। ਇਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਭਾਰੀ ਹੰਗਾਮਾ ਕਰ ਦਿੱਤਾ ਅਤੇ ਸਦਨ ਵਿਚੋਂ ਵਾਕਆਊਟ ਕਰ ਵੀ ਦਿੱਤਾ ਸੀ। ਰਾਜਪਾਲ ਵੱਲੋਂ ਮੇਰੀ ਸਰਕਾਰ ਜਾਂ ਸਰਕਾਰ ਸ਼ਬਦ ਵਰਤਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਕਾਫੀ ਹੰਗਾਮਾ ਹੋਇਆ ਸੀ।
- PTC NEWS