Punjabi Youth Died in US : ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੀ ਕੈਨੇਡਾ ਹੋਇਆ ਸੀ PR
Punjabi Youth Died in America : ਅਮਰੀਕਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਰੋਪੜ ਵਾਸੀ ਨੌਜਵਾਨ ਹਰਮਨਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਪੱਤਰਕਾਰ ਤਜਿੰਦਰ ਸਿੰਘ ਸੈਣੀ ਦੇ ਪੁੱਤਰ ਹਰਮਨਜੀਤ ਸਿੰਘ (30) ਦਾ ਬੀਤੇ ਦਿਨ ਯੂਐਸਏ ਵਿਖੇ ਇੱਕ ਸੁਰੰਗ ਵਿੱਚ ਹੋਏ ਬਹੁ-ਵਾਹਨਾਂ ਦੇ ਇੱਕ ਭਿਆਨਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਦੋਂ ਹੋਇਆ, ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਯੂਐਸਏ ਵਿਖੇ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਾ ਅਤੇ ਗਰੀਨ ਰਿਵਰ ਸੁਰੰਗ ਵਿੱਚ ਬਰਫ ਦਾ ਤੂਫਾਨ ਆਉਣ ਕਾਰਨ ਸੁਰੰਗ ਵਿੱਚ ਇੱਕ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ, ਜਿਸ ਤੋਂ ਬਾਅਦ ਪਿਛਲੇ ਵਾਹਨ ਆਪਸ ਵਿੱਚ ਭਿੜਦੇ ਚਲੇ ਗਏ। ਇਹਨਾਂ ਵਾਹਨਾਂ ਵਿੱਚ ਟਰੱਕ, ਕਾਰਾਂ ਅਤੇ ਹੋਰ ਵਾਹਨ ਵੀ ਸ਼ਾਮਿਲ ਸਨ।
ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੁਰੰਗ ਵਿੱਚ ਧੂਆਂ ਹੀ ਧੂਆਂ ਹੋ ਗਿਆ ਅਤੇ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਜਣੇ ਸ਼ੀਸ਼ੇ ਤੋੜ ਕੇ ਨਿਕਲ ਗਏ, ਪਰ ਹਰਮਨਜੀਤ ਅਤੇ ਇਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ, ਜਿਸ ਕਾਰਨ ਹਰਮਨਜੀਤ ਸਿੰਘ ਸਮੇਤ ਹੋਰ ਵੀ ਮੌਤਾਂ ਹੋਣ ਦੀ ਜਾਣਕਾਰੀ ਹੈ। ਹਾਦਸੇ ਵਿੱਚ ਕਈ ਗੰਭੀਰ ਫੱਟੜ ਵੀ ਦੱਸੇ ਜਾ ਰਹੇ ਹਨ।
ਹਰਮਨਜੀਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਰੂਪਨਗਰ ਸਮੇਤ ਪਿੰਡ ਖੇੜੀ ਸਲਾਬਤਪੁਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਰਮਨਜੀਤ ਸਿੰਘ ਕੈਨੇਡਾ ਦੀ ਡਰੀਮ ਬਿੱਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰਕਿੰਗ ਜੋਬ ਕਰਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕੈਨੇਡਾ ਦਾ ਪੱਕਾ ਨਿਵਾਸੀ ਬਣ ਗਿਆ ਸੀ।
- PTC NEWS